ਅੱਜ ਤੋਂ ਝੋਨੇ ਦੀ ਖ੍ਰੀਦ ਹੋਈ ਸ਼ੁਰੂ
ਅੰਮ੍ਰਿਤਸਰ 1 ਅਕਤੂਬਰ (ਪਵਿੱਤਰ ਜੋਤ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਅੱਜ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਇੰਦਰਬੀਰ ਸਿੰਘ ਨਿੱਜਰ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨੇ ਅੱਜ ਭਗਤਾਂਵਾਲਾ ਦਾਣਾਮੰਡੀ ਵਿਖੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਘਟੋ-ਘੱਟ 2060/- ਰੁਪਏ ਪ੍ਰਤੀ ਕਵਿੰਟਲ ਝੋਨਾ ਗ੍ਰੇਡ-ਏ ਅਤੇ 2040/- ਰੁਪਏ ਪ੍ਰਤੀ ਕਵਿੰਟਲ ਝੋਨਾ ਕਾਮਨ ਵਰਾਇਟੀ ਤੇ ਖਰੀਦ ਕੀਤੀ ਜਾਵੇਗੀ। ਡਾ. ਨਿੱਜਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਾਰੀਆਂ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅਤੇ ਬਾਰਦਾਨੇ ਦੀ ਮੰਗ ਨੂੰ ਵੀ ਧਿਆਨ ਵਿੱਚ ਰਖਦਿਆਂ ਹੋਇਆਂ ਲੋੜੀਂਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ।
ਡਾ. ਨਿੱਜਰ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਕਿਸਾਨ ਸਾਡਾ ਅੰਨ੍ਹਦਾਤਾ ਹੈ ਅਤੇ ਇਸ ਖੇਤੀ ਪ੍ਰਧਾਨ ਸੂਬੇ ਦੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ। ਉਨਾਂ ਕਿਹਾ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਲ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਡਾ. ਨਿੱਜਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ। ਉਨਾਂ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਵਾਤਾਵਰਨ ਦਾ ਵੀ ਧਿਆਨ ਰੱਖੀਏ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਪਾਰਲੀ ਨਾਲ ਸਾੜ੍ਹਨ ਸਬੰਧੀ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਹਲਕਾ ਅਟਾਰੀ ਦੇ ਵਿਧਾਇਕ ਸ: ਜਸਬੀਰ ਸਿੰਘ ਏ.ਡੀ.ਸੀ., ਹਲਕਾ ਕੇਂਦਰੀ ਦੇ ਵਿਧਾਇਕ ਡਾ. ਅਜੈ ਗੁਪਤਾ, ਸ੍ਰੀ ਰਵਿੰਦਰ ਹੰਸ, ਜਿਲ੍ਹਾ ਮੰਡੀ ਅਫ਼ਸਰ ਸ: ਅਮਨਦੀਪ ਸਿੰਘ, ਜਿਲ੍ਹਾ ਖੁਰਾਦ ਤੇ ਸਪਲਾਈ ਅਫ਼ਸਰ ਮੈਡਮ ਸੰਯੋਜਗਤਾ, ਐਸ.ਡੀ.ਓ. ਰਾਵਲ ਸਿੰਘ, ਗੁਰਵਿੰਦਰ ਸਿੰਘ ਡੀ.ਐਮ. ਪਨਸਪ, ਸ੍ਰੀ ਅਨੀਲ ਅਰੋੜਾ ਸੈਕਟਰੀ ਮਾਰਕੀਟ ਕਮੇਟੀ, ਸ੍ਰੀ ਰਾਕੇਸ਼ ਤੁਲੀ, ਸ: ਰੁਪਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।