ਵਧੀਆ ਕਾਰਗੁਜਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਰਵੋਤਮ ਕਰਮਚਾਰੀ ਕੀਤਾ ਘੋਸ਼ਿਤ
ਅੰਮ੍ਰਿਤਸਰ 1 ਅਕਤੂਬਰ (ਰਾਜਿੰਦਰ ਧਾਨਿਕ) : ਕਿਸੇ ਵੀ ਸਰਕਾਰ ਦੇ ਅਕਸ ਸੁਧਾਰਨ ਵਿੱਚ ਸਰਕਾਰੀ ਕਰਮਚਾਰੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਇਹੀ ਕਰਮਚਾਰੀ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਆਪਣੇ ਦਫ਼ਤਰ ਦੇ 10 ਕਰਮਚਾਰੀਆਂ ਨੂੰ ਸਰਵੋਤਮ ਕਰਮਚਾਰੀ ਘੋਸ਼ਿਤ ਕਰਨ ਸਮੇਂ ਕੀਤਾ।
ਸ੍ਰੀ ਸੂਦਨ ਨੇ ਕਿਹਾ ਕਿ ਇਨਾਂ ਕਰਮਚਾਰੀਆਂ ਵਲੋਂ ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟੀਆਂ ਵਿੱਚ ਵੀ ਸਰਕਾਰੀ ਕੰਮਾਂ ਨੂੰ ਤਰਜੀਹ ਦੇ ਕੇ ਪਹਿਲ ਦੇ ਆਧਾਰ ਤੇ ਨੇਪੜੇ ਚਾੜ੍ਹਿਆ ਹੈ। ਉਨਾਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਜਿੰਮਾ ਵੀ ਸਰਕਾਰੀ ਕਰਮਚਾਰੀਆਂ ਦਾ ਹੁੰਦਾ ਹੈ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੋੜਵੰਦਾਂ ਤੱਕ ਪੁੱਜਦਾ ਕਰਦੇ ਹਨ। ਉਨਾਂ ਕਿਹਾ ਕਿ ਸਾਰੇ ਸਰਕਾਰੀ ਕਰਮਚਾਰੀਆਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਸਰਕਾਰੀ ਕੰਮਾਂ ਨੂੰ ਤਰਜੀਹ ਦੇਣ ਅਤੇ ਜਿਹੜੇ ਲੋਕ ਵੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਉਂਦੇ ਹਨ। ਉਨਾਂ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਵੇ ਅਤੇ ਬੇਲੋੜੇ ਚੱਕਰ ਨਾ ਮਰਵਾਏ ਜਾਣ।
ਦੱਸਣਯੋਗ ਹੈ ਕਿ ਜਿਹੜੇ 10 ਕਰਮਚਾਰੀਆਂ ਨੂੰ ਸਵਰੋਤਮ ਕਰਮਚਾਰੀ ਘੋਸ਼ਿਤ ਕੀਤਾ ਗਿਆ ਹੈ ਦੇ ਵਿੱਚ ਜਸਵੀਰ ਸਿੰਘ ਕਲਰਕ ਸ਼ਿਕਾਇਤ ਸ਼ਾਖਾ, ਰਿਸ਼ੀ ਕਲਰਕ ਵੀ.ਆਈ.ਪੀ./ਫੁੱਟਕਲ ਸ਼ਾਖਾ, ਧੰਮਣ ਸਿੰਘ ਕਾਨੂੰਨਗੋ, ਗਗਨਦੀਪ ਕੌਰ ਕਲਰਕ ਐਲ.ਏ.ਸੀ. ਸ਼ਾਖਾ ਦਫ਼ਤਰ ਐਸ.ਡੀ.ਐਮ. ਅੰਮ੍ਰਿਤਸਰ-1, ਸੁਖਦੇਵ ਸਿੰਘ ਰੀਡਰ ਦਫ਼ਤਰ ਐਸ.ਡੀ.ਐਮ. ਅੰਮ੍ਰਿਤਸਰ-2, ਵਰਿੰਦਰ ਭਾਟੀਆ ਰੀਡਰ ਦਫ਼ਤਰ ਐਸ.ਡੀ.ਐਮ. ਮਜੀਠਾ, ਅਮਨਦੀਪ ਸਿੰਘ ਜੂਨੀਅਰ ਸਹਾਇਕ ਦਫ਼ਤਰ ਐਸ.ਡੀ.ਐਮ. ਬਾਬਾ ਬਕਾਲਾ, ਗੁਰਮੀਤ ਕੌਰ ਸਟੈਨੋ ਦਫ਼ਤਰ ਐਸ.ਡੀ.ਐਮ. ਅਜਨਾਲਾ, ਗਗਨਦੀਪ ਸਿੰਘ ਬਿੱਲ ਕਲਰਕ ਦਫ਼ਤਰ ਐਸ.ਡੀ.ਐਮ. ਲੋਪੋਕੇ, ਅਤੇ ਉਪਪ੍ਰੀਤ ਕੌਰ ਸੇਵਾਦਾਰ ਸ਼ਿਕਾਇਤ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਲੋਂ ਬੀਤੀ ਸ਼ਾਮ ਇਨਾਂ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਚਾਹ ਪਾਰਟੀ ਕੀਤੀ ਅਤੇ ਸਰਕਾਰੀ ਕਰਮਚਾਰੀਆਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ। ਉਨਾਂ ਕਿਹਾ ਕਿ ਅਗੇ ਤੋਂ ਵੀ ਇਹ ਪ੍ਰਥਾ ਜਾਰੀ ਰੱਖੀ ਜਾਵੇਗੀ ਅਤੇ ਜਿਹੜੇ ਕਰਮਚਾਰੀਆਂ ਵਲੋਂ ਵਧੀਆ ਕੰਮ ਕੀਤਾ ਜਾਵੇਗਾ, ਉਨਾਂ ਨੂੰ ਸਰਵੋਤਮ ਕਰਮਚਾਰੀ ਘੋਸ਼ਿਤ ਕੀਤਾ ਜਾਵੇਗਾ। ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਗੁਰਸਿਮਰਨਜੀਤ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੈਡਮ ਅਮਨਦੀਪ ਕੌਰ ਵੀ ਹਾਜ਼ਰ ਸਨ।