ਅੰਮ੍ਰਿਤਸਰ 1 ਅਕਤੂਬਰ (ਪਵਿੱਤਰ ਜੋਤ) : ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ 11ਵੀਂ ਯੂਨੀਫਾਈਡ ਖੇਡਾਂ ਪਿੰਗਲਵਾੜਾ ਅੰਮ੍ਰਿਤਸਰ ਅਤੇ ਪਿੰਗਲਵਾੜਾ ਅੰਟਾਰੀਓ, ਕਨੇਡਾ ਦੇ ਅਧੀਨ ਚਲਦੇ ਤਿੰਨ ਸਕੂਲਾਂ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਗੂੰਗੇ-ਬੋਲਿਆਂ ਦਾ ਸਕੂਲ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਬੱਚਿਆਂ ਵਿਚ ਕਰਵਾਈਆਂ ਗਈਆਂ। ਇਹ ਖੇਡਾਂ ਅਮਰੀਕਾ ਨਿਵਾਸੀ ਸ੍ਰੀ ਚੰਦਰ ਸ਼ੇਖਰ ਕੋਹਲੀ, ਉਨ੍ਹਾਂ ਦੀ ਧਰਮ-ਪਤਨੀ ਮਿਸਜ਼ ਨਰਿੰਦਰ ਕੌਰ ਕੋਹਲੀ ਅਤੇ ਪਿੰਗਲਵਾੜਾ ਸੰਸਥਾ ਦੇ ਸਾਂਝੇ ਸਹਿਯੋਗ ਨਾਲ ਕਰਵਾਈਆਂ ਗਈਆਂ ।
ਇੰਨ੍ਹਾਂ ਖੇਡਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਮੇਜਰ (ਰਿਟਾ.) ਦਵਿੰਦਰ ਸਿੰਘ ਨੇ ਅਦਾ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ । ਉਨ੍ਹਾਂ ਆਪਣੇ ਸੰਬੋਧਨੀ ਭਾਸ਼ਣ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਉਹ ਪਹਿਲੀ ਵਾਰ ਪਿੰਗਲਵਾੜਾ ਆਏ ਹਨ ਅਤੇ ਇਸ ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਚਲਾਏ ਜਾ ਰਹੇ ਕਾਰਜਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਮੈਡਮ ਜੀਵਨਜੋਤ ਕੌਰ M.L.A., ਮਿ: A.P.S. ਚੱਠਾ ਐਡਵਾਈਜ਼ਰ, ਸ੍ਰ. ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਪ੍ਰਧਾਨ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਨੇ ਬਤੌਰ ਸਨਮਾਨਿਤ ਮਹਿਮਾਨ ਇੰਨ੍ਹਾਂ ਖੇਡਾਂ ਵਿੱਚ ਪੁੱਜੇ।
ਡਾ: ਇੰਦਰਜੀਤ ਕੌਰ ਨੇ ਆਏੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਜਦੋਂ ਸਾਰੇ ਬੱਚੇ ਇਕੱਠੇ ਮੈਦਾਨ ਵਿਚ ਖੇਡਦੇ ਹਨ ਤਾਂ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਹੁੰਦਾ ਹੈ। ਇੰਨ੍ਹਾਂ ਖੇਡਾਂ ਦਾ ਮਕਸਦ ਹੈ ਕਿ ਬੱਚਿਆਂ ਵਿਚ ਕਿਸੇ ਵੀ ਪ੍ਰਕਾਰ ਦੀ ਹੀਣ-ਭਾਵਨਾ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰੀ ਨਾਲ ਵਿਚਰਨ ਦਾ ਉਤਸ਼ਾਹ ਪੈਦਾ ਕਰਨਾ ਹੈ । ਬੱਚਿਆਂ ਵੱਲੋਂ 25-50 ਮੀਟਰ ਰੇਸ, ਵੀਲ੍ਹ ਚੇਅਰ ਰੇਸ, ਲੋਂਗ ਜੰਪ, ਰਿਲੇਅ ਰੇਸ, ਰੱਸਾਕੱਸੀ ਆਦਿ ਖੇਡਾਂ ਵਿੱਚ ਤਿੰਨਾਂ ਸਕੂਲਾਂ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ। ਯੋਗਾ ਅਤੇ ਗਤਕਾ ਕਰਕੇ ਬੱਚਿਆਂ ਨੇ ਦਰਸ਼ਕਾਂ ਨੂੰ ਕੀਲ ਲਿਆ। ਇਸ ਮੌਕੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਉਪਰੰਤ ਜੇਤੂ ਬੱਚਿਆਂ ਨੂੰ ਮੈਡਲ ਅਤੇ ਵਲੰਟੀਅਰਾਂ ਨੂੰ ਟਰਾਫੀਆਂ ਵੰਡੀਆਂ ਗਈਆਂ।
ਪ੍ਰੋਗਰਾਮ ਦੇ ਅੰਤ ਵਿਚ ਡਾ: ਇੰਦਰਜੀਤ ਕੌਰ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਖੇਡਾਂ ਦੇ ਅਖੀਰ ਵਿਚ ਸਾਰੇ ਆਏ ਬੱਚਿਆਂ ਨੂੰ ਰਿਫਰੈਸ਼ਮੈਂਟ ਵੰਡੀ ਗਈ ।
ਇਸ ਮੌਕੇ ਡਾ: ਇੰਦਰਜੀਤ ਕੌਰ, ਡਾ: ਜਗਦੀਪਕ ਸਿੰਘ, ਸ੍ਰ: ਹਰਜੀਤ ਸਿੰਘ ਅਰੋੜਾ, ਸ੍ਰੀਮਤੀ ਪ੍ਰੀਤਇੰਦਰਜੀਤ ਕੌਰ, ਕਰਨਲ ਦਰਸ਼ਨ ਸਿੰਘ ਬਾਵਾ, ਸ੍ਰ: ਜੈ ਸਿੰਘ, ਸ੍ਰ: ਬਖਸ਼ੀਸ਼ ਸਿੰਘ, ਸ੍ਰੀ ਤਿਲਕ ਰਾਜ, ਸ੍ਰੀ ਯੋਗੇਸ਼ ਸੂਰੀ, ਸ੍ਰ: ਪਰਮਿੰਦਰ ਸਿੰਘ ਭੱਟੀ, ਮਿਸਜ਼ ਸੁਰਿੰਦਰ ਕੌਰ ਭੱਟੀ, ਸ੍ਰੀ. ਗੁਲਸ਼ਨ ਰੰਜਨ, ਮਿ: ਬਿੱਲਾ ਕੋਹਲੀ, ਮਿ: ਸ਼ਾਮ ਕੋਹਲੀ, ਨਰਿੰਦਰ ਕੌਰ ਕੋਹਲੀ, ਡਾ. ਸ਼ਿਆਮ ਸੁੰਦਰ ਦੀਪਤੀ, ਸ੍ਰ: ਜਸਵੰਤ ਸਿੰਘ ਸੈਣੀ, ਸ੍ਰ. ਰਣਜੀਤ ਸਿੰਘ ਸੈਣੀ, ਸ੍ਰੀ: ਬ੍ਰਿਜ ਮੋਹਨ ਸੈਣੀ, ਸ੍ਰ: ਨਰਿੰਦਰਪਾਲ ਸਿੰਘ ਸੋਹਲ, ਸੁਰਿੰਦਰ ਸਿੰਘ ਸੈਣੀ ਅਤੇ ਵੱਖ-ਵੱਖ ਬ੍ਰਾਂਚਾਂ ਦੇ ਇੰਚਾਰਜ ਹਾਜ਼ਰ ਸਨ ।