ਅੰਮ੍ਰਿਤਸਰ, 11 ਅਪ੍ਰੈਲ (ਪਵਿੱਤਰ ਜੋਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੇਮ ਸਿੰਘ ਲਾਲਪੁਰਾ ਦੇ ਸਪੁੱਤਰ ਜਥੇਦਾਰ ਦਲਜੀਤ ਸਿੰਘ ਲਾਲਪੁਰਾ ਨੇ ਐਤਵਾਰ ਸਵੇਰੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੀਟਿੰਗ ਕੀਤੀ। ਚੁੱਘ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਵਿੱਚ ਐਨਆਰਆਈ ਪਰਮਜੀਤ ਸਿੰਘ ਸੰਧੂ ਵੀ ਹਾਜ਼ਰ ਸਨ। ਇਸ ਮੀਟਿੰਗ ‘ਚ ਸੂਬੇ ਦੀ ਸਿਆਸਤ ਦੇ ਨਾਲ-ਨਾਲ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਚੋਣ ਹਾਰਨ ਤੋਂ ਬਾਅਦ ਰਾਜਾਂ ‘ਚ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਤੇਜ਼ ਹੋ ਗਿਆ ਹੈ।
ਚੁੱਘ ਨੇ ਕਿਹਾ ਕਿ ਲਾਲਪੁਰਾ ਤੇ ਸੰਧੂ ਨਾਲ ਮੀਟਿੰਗ ਦਾ ਏਜੰਡਾ ਸੂਬੇ ਦੀ ਸਿਆਸਤ ‘ਤੇ ਵਿਚਾਰਿਆ ਗਿਆ ਹੈ।ਭਾਜਪਾ ਜਲਦ ਹੀ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਿੰਡਾਂ ‘ਚ ਜਾ ਕੇ ਕੰਮ ਕਰੇਗੀ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪਿੰਡ ਪਿੰਡ ਤੱਕ ਜਥੇਬੰਦੀ ਦੀ ਸਥਾਪਨਾ ਕੀਤੀ ਜਾਵੇਗੀ।ਭਾਜਪਾ ਵੱਲੋਂ ਉਨ੍ਹਾਂ ਪੰਥਕ ਪਰਿਵਾਰਾਂ ਨੂੰ ਜਥੇਬੰਦੀ ਵਿੱਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸਾਰ ਦਿੱਤਾ ਹੈ।