ਵਿਭਾਗ ਵੱਲੋਂ ਆਯੋਜਿਤ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੇ ਮਾਰੀ ਬਾਜ਼ੀ
ਗਿੱਧੇ – ਭੰਗੜੇ ਰਾਹੀਂ ਵਿਦਿਆਰਥੀਆਂ ਨੇ ਬੰਨ੍ਹਿਆ ਸਮਾਂ
‘ਨਹੀਂ ਕਰਾਂਗੇ ਭਗਤਾਂਵਾਲਾ ਡੰਪ ਦਾ ਵਿਸਥਾਰ’ ਦਾ ਦਿੱਤਾ ਗਿਆ ਸੁਨੇਹਾ
ਅੰਮ੍ਰਿਤਸਰ, 12 ਦਸੰਬਰ (ਪਵਿੱਤਰ ਜੋਤ) : ਸਵੱਛਤਾ ਅਭਿਆਨ ਦੇ ਤਹਿਤ ਅਤੇ ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣਾਉਣ ਦੇ ਟੀਚੇ ਨਾਲ ਇਨਕਮ ਟੈਕਸ ਵਿਭਾਗ, ਅੰਮ੍ਰਿਤਸਰ ਵੱਲੋਂ ਵੇਸਟ ਸੇਗ੍ਰੇਗੇਸ਼ਨ ਅਤੇ ਮੈਨੇਜਮੈਂਟ ਬਾਰੇ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਹਿਲੇ ਕਦਮ ਵਜੋਂ, ਲਾਰੈਂਸ ਰੋਡ, ਅੰਮ੍ਰਿਤਸਰ ਵਿਖੇ ਆਏਕਰ ਭਵਨ, ਸੀ.ਆਰ. ਬਿਲਡਿੰਗ, ਮਕਬੂਲ ਰੋਡ ਅਤੇ ਸੀ.ਆਰ. ਕਲੋਨੀ ਨੂੰ ਜ਼ੀਰੋ ਵੇਸਟ ਕੈਂਪਸ ਬਣਾਉਣ ਦੀ ਯੋਜਨਾ ਹੈ।
ਇਸ ਲੜੀ ਵਿਚ ਪਹਿਲਾ ਪ੍ਰੋਗਰਾਮ ਸੋਮਵਾਰ ਨੂੰ ਪੰਜਾਬ ਨਾਟਸ਼ਾਲਾ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅੰਮ੍ਰਿਤਸਰ ਦੇ ਵੱਖੋ ਵੱਖ ਸਕੂਲਾਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੇਸਟ ਸੈਗਰੀਗੇਸ਼ਨ ਦੀ ਥੀਮ ‘ਤੇ ਗਿੱਧਾ- ਭੰਗੜਾ ਪੇਸ਼ ਕੀਤਾ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੀ ਪੇਸ਼ਕਾਰੀ ਨੇ ਸਮਾਂ ਬੰਨ ਦਿੱਤਾ।
“ਸ਼ਪਥ” ਦਾ ਥੀਮ ਵਿਦਿਆਰਥੀਆਂ ਨੂੰ ਇਹ ਸਮਝਾਉਣ ਦੇ ਉਦੇਸ਼ ਨਾਲ ਚੁਣਿਆ ਗਿਆ ਹੈ ਕਿ ਨਾਗਰਿਕਾਂ ਨੂੰ ਉਨ੍ਹਾਂ ਵੱਲੋਂ ਪੈਦਾ ਹੋਣ ਵਾਲੀ ਹਰ ਚੀਜ਼ ਦੀ ਜ਼ਿੰਮੇਵਾਰੀ ਲੈਣ ਦੀ ਲੋੜ ਹੈ, ਤਾਂ ਜੋ ਨਗਰ ਨਿਗਮ ਨੂੰ ਭਗਤਾਂਵਾਲਾ ਵਰਗੇ ਲੈਂਡਫਿਲਜ਼ ਦੇ ਜ਼ਹਿਰੀਲੇ ਖ਼ਤਰੇ ਨਾਲ ਨਜਿੱਠਣਾ ਨਾ ਪਵੇ।
ਇਹ ਵਿਚਾਰ ਕਿ “ਇੱਕ ਵਿਅਕਤੀ ਲਈ ਜੋ ਵਿਅਰਥ ਹੈ, ਉਹ ਦੂਜਿਆਂ ਲਈ ਸਰੋਤ ਹੈ” ਨੂੰ ਨੌਜਵਾਨਾਂ ਵਿੱਚ ਵਿਆਪਕ ਤੌਰ ‘ਤੇ ਪ੍ਰਚਾਰਨ ਦੀ ਲੋੜ ਹੈ। ਅਜਿਹੇ ਸਮਾਗਮਾਂ ਰਾਹੀਂ, ਅੰਮ੍ਰਿਤਸਰ ਦਾ ਇਨਕਮ ਟੈਕਸ ਵਿਭਾਗ ਕਿਸੇ ਵੀ ਚੀਜ਼ ਨੂੰ ਰਹਿੰਦ-ਖੂੰਹਦ ਨਾ ਸਮਝਣ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਉਮੀਦ ਕਰਦਾ ਹੈ ਅਤੇ ਇਸ ਦੀ ਬਜਾਏ ਰਵਾਇਤੀ ਤੌਰ ‘ਤੇ “ਕੂੜਾ” ਸਮਝੀ ਜਾਣ ਵਾਲੀ ਚੀਜ਼ ਦੀ ਕੀਮਤ ਦੇਖਣਾ ਚਾਹੁੰਦਾ ਹੈ।
ਇਸ ਮੌਕੇ ਆਯੋਜਿਤ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਨੇ ਸਮੁੱਚੀ ਕਾਰਗੁਜ਼ਾਰੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਜੱਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਨੇ ਸਰਵੋਤਮ ਬੋਲੀਆਂ ਦਾ ਐਵਾਰਡ ਜਿੱਤਿਆ।
ਪ੍ਰੋਗਰਾਮ ਵਿੱਚ ਮੌਜੂਦ ਪਤਵੰਤਿਆਂ ਦੇ ਨਾਲ ਸਾਰੇ ਵਿਦਿਆਰਥੀਆਂ ਨੇ “ਨਹੀਂ ਕਰਾਂਗੇ ਭਗਤਾਂਵਾਲਾ ਡੰਪ ਕਾ ਵਿਸਥਾਰ” ਦੀ ਸਹੁੰ ਚੁੱਕੀ। ਇਸ ਤੋਂ ਇਲਾਵਾ ਮੁਕਾਬਲੇ ਦੀ ਜੇਤੂ ਟੀਮਾਂ 14 ਦਸੰਬਰ, 2022 ਨੂੰ ਸੀ.ਆਰ. ਕਲੋਨੀ, ਲਾਰੈਂਸ ਰੋਡ, ਅੰਮ੍ਰਿਤਸਰ ਵਿਖੇ ਲਗਾਏ ਜਾਣ ਵਾਲੇ ਜਾਗਰੂਕਤਾ ਕੈਂਪ ਵਿੱਚ ਹਿੱਸਾ ਲੈਣਗੀਆਂ।
ਇਸ ਮੌਕੇ ਜਹਾਂਜ਼ੇਬ ਅਖਤਰ, ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ, ਅੰਮ੍ਰਿਤਸਰ, ਐਲ ਕੇ ਅਗਰਵਾਲ, ਪ੍ਰਮੁੱਖ ਆਮਦਨ ਕਰ ਕਮਿਸ਼ਨਰ, ਰਾਹੁਲ ਧਵਨ, ਕਮਿਸ਼ਨਰ ਇਨਕਮ ਟੈਕਸ, ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਡਾ: ਬਰਾੜ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ।
—–=====