ਅੰਮ੍ਰਿਤਸਰ 4 ਸਤੰਬਰ (ਰਾਜਿੰਦਰ ਧਾਨਿਕ ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਧਰਮ ਪਰਿਵਰਤਨ ਇਕ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ। ਇਸ ਸੰਬੰਧ ਵਿੱਚ ਆ ਰਹੀਆਂ ਖਬਰਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਅਤੇ ਨਾ ਹੀ ਜਲਦਬਾਜ਼ੀ ਵਿਚ ਇਸ ਬਾਰੇ ਕੋਈ ਭੜਕਾਊ ਪ੍ਰਤੀਕਰਮ ਹੀ ਹੋਣਾ ਚਾਹੀਦਾ ਹੈ। ਸਗੋਂ, ਇਸ ਮਸਲੇ ਦੀ ਤਹਿ ਤਕ ਪੁੱਜਣ ਲਈ ਗੰਭੀਰ ਵਿਚਾਰ-ਵਟਾਂਦਰੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਇਸ ਸਮੱਸਿਆ ਦੇ ਸਹੀ ਕਾਰਨਾਂ ਦੀ ਨਿਸ਼ਾਨਦੇਹੀ ਲਈ ਵਿਗਿਆਨਕ ਤਰੀਕੇ ਨਾਲ ਸਰਵੇਖਣ ਕਰਵਾਉਣਾ, ਪਹਿਲਾ ਕਦਮ ਹੋ ਸਕਦਾ ਹੈ। ਅੱਜ ਅੰਧ-ਵਿਸ਼ਵਾਸਾਂ ਕਾਰਨ ਮਾਨਸਿਕ ਰੋਗਾਂ ਵਿਚ ਜਕੜੀ ਗਰੀਬ ਜਨਤਾ ਦੀਆਂ ਸਮੱਸਿਆਵਾਂ ਬਹੁਤ ਹੀ ਵਿਕਰਾਲ ਰੂਪ ਧਾਰਨ ਕਰ ਚੁਕੀਆਂ ਹਨ। ਦਿਨੋ-ਦਿਨ ਵਧ ਰਹੀ ਮਹਿੰਗਾਈ ਦੇ ਦੌਰ `ਚ ਆਰਥਕ ਮੰਦਹਾਲੀ ਕਾਰਨ ਮੁਢਲੀਆਂ ਲੋੜਾਂ ਦੀ ਪੂਰਤੀ ਅਸੰਭਵ ਹੁੰਦੀ ਜਾ ਰਹੀ ਹੈ।ਅਜਿਹੀ ਹਾਲਤ ਵਿਚ ਗਰੀਬ ਜਨਤਾ ਦੀ ਭਟਕਣਬਾਜ਼ੀ ਸਮਝ ਵਿਚ ਆਉਣੀ, ਕੋਈ ਮੁਸ਼ਕਲ ਗੁੰਝਲ ਨਹੀਂ। ਉਨ੍ਹਾਂ ਕਿਹਾ ਕੋਈ ਵੀ ਜਥੇਬੰਦੀ, ਸਭਾ, ਸੁਸਾਇਟੀ ਕਿਸੇ ਵੀ ਮਨਸ਼ੇ ਤਹਿਤ, ਦੁਖਦੀ ਰਗ `ਤੇ ਹੱਥ ਰੱਖ ਕੇ ਉਨ੍ਹਾਂ ਨੂੰ ਸਹਿਜੇ ਹੀ ਫੁਸਲਾ ਸਕਦੀ ਹੈ।
ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦਲਿਤ ਸਿੱਖਾਂ ਵੱਲੋਂ ਈਸਾਈ ਬਣਨ ਦੀਆਂ ਖਬਰਾਂ ਇਕ ਯੋਜਨਾ ਤਹਿਤ ਉਛਾਲੀਆਂ ਜਾ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਪੰਜਾਬ ਵਿਚ ਈਸਾਈ ਪ੍ਰਚਾਰਕਾਂ ਦੀਆਂ ਸਰਗਰਮੀਆਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਲਗਾਤਾਰ ਚਲੀਆਂ ਆ ਰਹੀਆਂ ਹਨ। ਵੱਖ-ਵੱਖ ਈਸਾਈ ਮਿਸ਼ਨਾਂ ਵੱਲੋਂ ਪੰਜਾਬ ਵਿਚ ਅਨੇਕਾਂ ਸਕੂਲ, ਹਸਪਤਾਲ ਅਤੇ ਚਰਚ ਕਾਇਮ ਹੋ ਚੁਕੇ ਹਨ। ਗਰੀਬ ਬਸਤੀਆਂ ਵਿਚ `ਸੇਵਾ` ਦੇ ਨਾਂ `ਤੇ ਛੋਟੇ ਛੋਟੇ ਪ੍ਰਾਜੈਕਟਾਂ `ਤੇ ਵੀ ਕੰਮ ਹੋ ਰਿਹਾ ਹੈ। ਪੰਜਾਬ ਵਿੱਚ ਮਾਝੇ ਦੇ ਸਰਹੱਦੀ ਪਿੰਡਾਂ ਵਿਚ ਕਾਫੀ ਲੰਬੇ ਸਮੇਂ ਤੋਂ ਈਸਾਈ ਮਿਸ਼ਨਰੀਆਂ ਦੀਆਂ ਸਰਗਰਮੀਆਂ ਬਾਰੇ ਪੜ੍ਹਦੇ ਸੁਣਦੇ ਆ ਰਹੇ ਹਾਂ। ਇਸ ਬਾਰੇ ਕਦੇ-ਕਦਾਈਂ ਹਲਕੇ ਢੰਗ ਦੇ ਪ੍ਰਤੀਕਰਮ ਵੀ ਹੁੰਦੇ ਰਹੇ ਹਨ ਪਰ ਇਸ ਮਸਲੇ ਨੂੰ ਗੰਭੀਰ ਰੂਪ `ਚ ਵਿਚਾਰਨ ਦੇ ਜਤਨਾਂ ਦਾ ਅਭਾਵ ਹੀ ਰਿਹਾ ਹੈ।ਜਿਸ ਕਾਰਨ ਅਸੀਂ ਪ੍ਰਭਾਵੀ ਧਰਮ ਪ੍ਰਚਾਰ ਤੋਂ ਅਵੇਸਲੇ ਰਹੇ ਹਾਂ। ਰਾਜਨੀਤਕਾਂ ਦੀਆਂ ਰਾਜਸੀ ਲੋੜਾਂ, ਇਸ ਪੱਖ ਤੋਂ ਮੂੰਹ ਮੋੜੀ ਖੜ੍ਹੀਆਂ ਰਹੀਆਂ ਹਨ।
ਉਨ੍ਹਾਂ ਹੋਰ ਕਿਹਾ ਸਮੱਸਿਆ ਦੇ ਬਾਹਰੀ ਦਿਸਦੇ ਪੱਖਾਂ `ਤੇ ਪ੍ਰਤੀਕਰਮ ਦੀ ਬਜਾਏ, ਪਹਿਲਾਂ ਇਸ ਦੀ ਜੜ੍ਹ ਨੂੰ ਫਰੋਲਣਾ ਪਵੇਗਾ। ਬੁਨਿਆਦੀ ਕਾਰਨਾਂ ਦੀ ਟੋਹ ਲਾ ਕੇ ਹੀ ਸਹੀ ਦਿਸ਼ਾ ਵੱਲ ਤੁਰਿਆ ਜਾ ਸਕਦਾ ਹੈ। ਗਰੀਬ ਜਨਤਾ ਦੀਆਂ ਅਸਲ ਮੁਸ਼ਕਲਾਂ ਨੂੰ ਸਮਝਣਾ, ਸਮਝਾਉਣਾ ਅਤੇ ਉਨ੍ਹਾਂ ਦੇ ਸਾਰਥਕ ਹੱਲ ਲੱਭ ਕੇ ਅਮਲੀ ਕਾਰਜ ਕਰਨਾ ਹੀ ਇਸ ਰੁਝਾਨ ਨੂੰ ਠੱਲ੍ਹ ਪਾ ਸਕਦਾ ਹੈ। ਉਨ੍ਹਾਂ ਕਿਹਾ ਚੇਤੇ ਰਹਿਣਾ ਚਾਹੀਦਾ ਹੈ ਕਿ ਜਬਰਦਸਤੀ ਜਾਂ ਲਾਲਚ ਦੇ ਕੇ ਧਰਮ ਤਬਦੀਲ ਕਰਵਾਉਣਾ ਹਰ ਪੱਖੋਂ ਅਣਉਚਿਤ ਹੈ ਅਤੇ ਨਾ ਹੀ ਅਜਿਹੀ ਵਿਧੀ ਦੁਆਰਾ ਇਸ ਅਮਲ ਨੂੰ ਰੋਕਿਆ ਜਾ ਸਕਦਾ ਹੈ। ਧਰਮ ਪਰਿਵਰਤਨ `ਤੇ ਪਾਬੰਦੀ ਦੀ ਮੰਗ ਕਰਨਾ ਇਸ ਮਸਲੇ ਦਾ ਹੱਲ ਨਹੀਂ, ਬਲਕਿ ਇਹ ਤਾਂ ਸਿੱਖੀ ਦੇ ਪ੍ਰਸਾਰ ਵਿਚ ਬਹੁਤ ਵੱਡੀ ਰੁਕਾਵਟ ਸਿੱਧ ਹੋਵੇਗੀ!