ਅੰਮ੍ਰਿਤਸਰ 4 ਸਤੰਬਰ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਵੱਲੋਂ ਵਿਧਾਇਕਾ ਜੀਵਨਜੋਤ ਕੌਰ ਦੇ ਨਾਲ ਮਿਲਕੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੁਰਬੀ ਵਿਚ ਪੈਂਦੇ ਵਾਰਡ ਨੰ.44 ਦੇ ਇਲਾਕੇ ਸੁਲਤਾਨਵਿੰਡ ਰੋਡ, ਡਰੱਮਾਂ ਵਾਲੀ ਗਲੀ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਤੇ ਐਮ.ਐਲ.ਏ.ਜੀਵਨਜੋਤ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਇਲਾਕਾ ਨਿਵਾਸੀਆ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਅੱਜ ਟਿਊਬਵੈੱਲ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਹੋਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਤੇ ਅੱਜ ਦੇ ਯੂੱਗ ਦੀ ਲੋੜ ਹੈ ਕਿ ਪਾਣੀ ਦੀ ਦੁਰਵਰਤੋ ਨਾ ਹੋਣ ਦਿੱਤੀ ਜਾਵੇ ਅਤੇ ਸਾਨੂੰ ਇਸ ਦੇ ਸਾਂਭ-ਸੰਭਾਲ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ ਜੋਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਉਹਨਾਂ ਸਾਰੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਫਿਰ ਪੈਰ ਪਸਾਰ ਰਿਹਾ ਹੈ ਜਿਸ ਦੀ ਰੋਕਥਾਮ ਲਈ ਸਾਨੂੰ ਲੋੜੀਂਦੇ ਉਪਰਾਲੇ ਜਿਵੇਂਕਿ ਸਮਾਜਿਕ ਦੂਰੀ ਬਣਾਕੇ ਰੱਖਣ, ਸਮੇਂ-ਸਮੇਂ ਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਘਰ ਵਿਚ ਵਿਸ਼ੇਸ਼ਕਰ ਬੱਚਿਆ ਅਤੇ ਬਜੁਰਗਾਂ ਦਾ ਧਿਆਨ ਰੱਖਣ, ਆਲਾ-ਦੁਆਲਾ ਸਾਫ਼ ਰੱਖਣ। ਨਗਰ ਨਿਗਮ ਹਰ ਇਕ ਔਖੀ ਘੜੀ ਵਿਚ ਸ਼ਹਿਰਵਾਸੀਆਂ ਦੇ ਨਾਲ ਹੈ।
ਇਸ ਅਵਸਰ ਤੇ ਉਹਨਾਂ ਦੇ ਨਾਲ ਸਰਵਸ਼੍ਰੀ ਜਰਨੈਲ ਸਿੰਘ ਭੂੱਲਰ ਕੌਂਸਲਰ, ਭੂਪਿੰਦਰ ਸਿੰਘ ਲਾਲਪੁਰਾ, ਬਲਜੀਤ ਸਿੰਘ ਸੰਧੂ, ਜਗਜੀਤ ਸਿੰਘ, ਸੁਬੇਦਾਰ ਬਾਲੀ ਸਿੰਘ, ਸੁਖਵਿੰਦਰ ਸਿੰਘ ਸ਼ੌਰਯ-ਚੱਕਰ, ਜਸਦੇਵ ਸਿੰਘ ਪਨੇਸਰ, ਕਾਰਜਕਾਰੀ ਇੰਜੀ.ਰਜਿੰਦਰ ਸਿੰਘ ਮਰੜੀ, ਜੇ.ਈ.ਭੂੱਲਰ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।