ਮਹਾਰਾਸ਼ਟਰ ਰਾਜ ਭਵਨ, ਮੁੰਬਈ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਕਰਾਇਆ ਗਿਆ ਗੁਰਮਤਿ ਸਮਾਗਮ

0
19

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਲੀਦਾਨ ਤੋਂ ਸੇਧ ਲੈਣ ਦੀ ਲੋੜ : ਰਾਜਪਾਲ ਭਗਤ ਸਿੰਘ ਕੋਸ਼ਿਆਰੀ
ਨਰਿੰਦਰ ਮੋਦੀ ਦਾ ਹਿੰਦ ਵਾਸੀਆਂ ਨੂੰ ਗੁਰੂ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਸੁਨੇਹਾ ਦੇਣਾ ਸ਼ਲਾਘਾਯੋਗ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਪੰਥ ਲਈ ਚੰਗਾ ਕਾਰਜ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ: ਦਮਦਮੀ ਟਕਸਾਲ ਮੁਖੀ
ਭਾਰਤੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਆਪਣੀ ਕਿਤਾਬ ’ਬ੍ਰਾਹਮਣੁ ਭਲਾ ਆਖੀਐ’ ਰਾਜਪਾਲ ਨੂੰ ਭੇਟ ਕੀਤੀ
ਅੰਮ੍ਰਿਤਸਰ 23 ਮਾਰਚ (  ਪਵਿੱਤਰ ਜੋਤ ) : ਮਹਾਰਾਸ਼ਟਰ ਰਾਜ ਭਵਨ, ਮੁੰਬਈ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਮਹਾਰਾਸ਼ਟਰ ਸਿੱਖ ਐਸੋਸੀਏਸ਼ਨ, ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ 400 ਸਾਲਾ ਪ੍ਰਕਾਸ਼ ਪੁਰਬ ਆਯੋਜਨ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਕਰਾਏ ਗਏ ਉਕਤ ਸਮਾਗਮ ਵਿਚ ਮਹਾਰਾਸ਼ਟਰ ਦੇ ਮਾਣਯੋਗ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਭਾਰਤੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵਿਸ਼ੇਸ਼ ਤੋਂ ’ਤੇ ਆਪਣੀ ਹਾਜ਼ਰੀ ਲਵਾਈ, ਰਾਗੀ ਭਾਈ ਇੰਦਰਜੀਤ ਸਿੰਘ ਜੀ ਦੇ ਰਾਗੀ ਜਥੇ ਨੇ ਅਤੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਰਾਜ ਭਵਨ ਦੇ ਨਵ ਨਿਰਮਾਣ ਹਾਲ ’ਚ ਗੁਰਬਾਣੀ ਕੀਰਤਨ ਰਾਹੀਂ ਦੇਰ ਰਾਤ ਤਕ ਕਰਾਏ ਗਏ ਪਲੇਠਾ ਸਮਾਗਮ ਮੌਕੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਲੀਦਾਨ ਤੋਂ ਸੇਧ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹਾ ਸਿਆਸੀ ਮਾਹੌਲ ਅਤੇ ਸਮੀਕਰਨ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ ਜਿਸ ਨਾਲ ਕਿਸੇ ਨੂੰ ਵੀ ਅਜਿਹੇ ਬਲੀਦਾਨ ਦੇਣ ਦੀ ਮੁੜ ਲੋੜ ਪਵੇ। ਉਨ੍ਹਾਂ ਰਾਜ ਭਵਨ ਵਿਚ ਹਰ ਸਾਲ ਗੁਰਮਤਿ ਸਮਾਗਮ ਕਰਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਸਿੱਖ ਭਾਈਚਾਰੇ ਵੱਲੋਂ ਦੇਸ਼ ਦੀ ਤਰੱਕੀ, ਏਕਤਾ ਅਖੰਡਤਾ, ਭਾਈਚਾਰਕ ਸਾਂਝ ਅਤੇ ਕਰੋਨਾ ਮਹਾਂਮਾਰੀ ਦੌਰਾਨ ਪਾਏ ਗਏ ਵੱਡੇ ਯੋਗਦਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਿੱਖਾਂ ਦਾ ਪਰਉਪਕਾਰ ਕਿਸੇ ਸ਼ਬਦ ਦੀ ਮੁਥਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਿੱਖਾਂ ਨੂੰ ਪ੍ਰੇਮ ਕਰਨ ਵਾਲੇ ਹਨ ਅਤੇ ਉਨ੍ਹਾਂ ਦੀ ਸਿੱਖਾਂ ਨਾਲ ਰਿਸ਼ਤਾ ਮਜ਼ਬੂਤ ਕਰਨ ਦੀ ਹਮੇਸ਼ਾਂ ਤਾਂਘ ਰਹੀ ਹੈ। ਜਿਸ ਕਾਰਨ ਉਹ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ, ਅਰਧ ਸ਼ਤਾਬਦੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿੱਜਦਾ ਕਰਦਿਆਂ ਵੀਰ ਬਾਲ ਦਿਵਸ ਮਨਾਉਣ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਅਤੇ ਸਿੱਖ ਕੈਦੀਆਂ ਦੀ ਰਿਹਾਈ ਵਲ ਵਿਸ਼ੇਸ਼ ਤਵੱਜੋ ਦੇ ਰਹੇ ਹਨ। ਰਾਜਪਾਲ ਨੇ ਕਿਹਾ ਕਿ ਸਿੱਖ ਫ਼ਲਸਫ਼ਾ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਹੈ। ਸ੍ਰੀ ਗੁਰੂ ਸਾਹਿਬਾਨ ਜੰਗਾਂ ਯੁੱਧਾਂ ਦੌਰਾਨ ਵੀ ਸ਼ਸਤਰ ਚਲਾਉਂਦਿਆਂ ਵੀ ਸ਼ਾਸਤਰ ਲਈ ਸਮਾਂ ਕੱਢਦੇ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਗੁਰੂ ਸਾਹਿਬਾਨ ਦੀ ਸਾਨੂੰ ਅਨਮੋਲ ਦੇਣ ਹੈ। ਉਨ੍ਹਾਂ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਅਤੇ ਅਮਨ ਸ਼ਾਂਤੀ, ਏਕਤਾ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਨੂੰ ਵਿਸ਼ੇਸ਼ ਅਤੇ ਵਿਸ਼ਾਲ ਪੱਧਰ ’ਤੇ ਮਨਾਉਂਦਿਆਂ ਸਤਿਗੁਰਾਂ ਦੇ ਪਰ ਉਪਕਾਰਾਂ ਨੂੰ ਯਾਦ ਕਰਨ ਦੇ ਉੱਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 70 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਗੁਰੂ ਸਾਹਿਬਾਨ, ਚਾਰ ਸਾਹਿਬਜ਼ਾਦੇ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮੋਦੀ ਸਰਕਾਰ ਦੀ ਤਰਾਂ ਸਿੱਜਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੀ ਹੋਂਦ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਤਿਲਕ ਜੰਝੂ ਦੀ ਰੱਖਿਆ ਲਈ ਬਲੀਦਾਨ ਸਦਕਾ ਹੈ, ਸਤਿਗੁਰਾਂ ਨੇ ਪਰਉਪਕਾਰ ਨਾ ਕੀਤਾ ਹੁੰਦਾ ਹਾਂ ਹਿੰਦੁਸਤਾਨ ਦਾ ਵਜੂਦ ਹੀ ਖ਼ਤਮ ਹੋ ਚੁੱਕਿਆ ਹੁੰਦਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੋਟੇ ਸਾਹਿਬਜ਼ਾਦਿਆਂ ਵੱਲੋਂ ਧਰਮ ਦੀ ਰੱਖਿਆ ਅਤੇ ਗੁਰਸਿੱਖੀ ਖ਼ਾਤਰ ਜ਼ਾਲਮਾਂ ਦੀ ਈਨ ਨਾ ਮੰਨਣ, ਮਾਤਾ ਗੁਜਰ ਕੌਰ ਜੀ ਅਤੇ ਸਿੱਖ ਪੰਥ ਦੀ ਇਤਿਹਾਸਕ ਭੂਮਿਕਾ ਪ੍ਰਤੀ ਵਿਸ਼ਵ ਨੂੰ ਜਾਣੂ ਕਰਾਉਣ ਦਾ ਵੱਡਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਜਿਨ੍ਹਾਂ ਨੇ ਮੇਰੇ ਸਤਿਗੁਰਾਂ ਦੇ ਲਾਲਾਂ ਦੀ ਯਾਦ ’ਚ ਇਸ ਦਿਹਾੜੇ ਨੂੰ ਸਮਰਪਿਤ ਕਰਦਿਆਂ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ ਅਤੇ ਹਿੰਦ ਵਾਸੀਆਂ ਲਈ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਜੋ ਸੁਨੇਹਾ ਦੇ ਕੇ ਪੰਥ ਲਈ ਚੰਗਾ ਕਾਰਜ ਕਰ ਰਿਹਾ ਹੈ, ਉਸ ਦੀ ਹੌਸਲਾ ਅਫਜਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਖ਼ਾਲਸਾ ਮਨੁੱਖਤਾ ਨੂੰ ਸਮਰਪਿਤ ਹੈ, ਖ਼ਾਲਸੇ ਦੇ ਨਿਸ਼ਾਨ ਤਾਂ ਹੀ ਝੂਲਦੇ ਰਹਿਣਗੇ ਜੇ ਖ਼ਾਲਸਾ ਆਪਣੇ ਧਰਮ ਵਿਚ ਪਰਪੱਕ ਰਹਿ ਕੇ ਜਬਰ ਤੇ ਜ਼ੁਲਮ ਦਾ ਖਿੜੇ ਮੱਥੇ ਮੁਕਾਬਲਾ ਕਰਦਾ ਹੋਇਆ ਅਤੇ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ’ਤੇ ਚੱਲੇਗਾ। ਉਨ੍ਹਾਂ ਸੰਗਤ ਨੂੰ ਆਪਣੇ ਜੀਵਨ ’ਚ ਗੁਰੂ ਸਾਹਿਬ ਦੀਆਂ ਵੈਰਾਗਮਈ ਸਿੱਖਿਆਵਾਂ ਨੂੰ ਕਮਾਉਣ -ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ’ਤੇ ਵਾਹਿਗੁਰੂ ਦੀ ਅਪਾਰ ਕ੍ਰਿਪਾ ਹੀ ਨਹੀਂ ਰਹੀ ਸਗੋਂ ਉਸੇ ਦਾ ਸਰੂਪ ਹੋ ਕੇ ਸੰਸਾਰ ’ਤੇ ਕ੍ਰਿਪਾ ਕਰਨ ਵਾਲੇ ਹਨ। ਜਿਨ੍ਹਾਂ ਨੂੰ ਅੱਜ ਸਾਰਾ ਸੰਸਾਰ ਸਿੱਜਦਾ ਅਤੇ ਨਮਸਕਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰਾਂ ਦੀਆਂ ਪਰ ਉਪਕਾਰਾਂ ਨੂੰ ਯਾਦ ਨਹੀਂ ਕਰਾਂਗੇ ਤਾਂ ਇਹ ਅਕ੍ਰਿਤਘਣਤਾ ਹੋਵੇਗੀ। ਉਨ੍ਹਾਂ ਅਕ੍ਰਿਤਘਣਤਾ ਦੇ ਦੋਸ਼ ਤੋਂ ਮੁਕਤ ਹੋਣ ਲਈ ਸਤਿਗੁਰੂ ਦੀਆਂ ਸ਼ਤਾਬਦੀਆਂ ਚੜ੍ਹਦੀਕਲਾ ਨਾਲ ਮਨਾਉਣ ਦੀ ਅਪੀਲ ਕੀਤੀ ।

ਭਾਰਤੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਗੁਰੂ ਤੇਗ ਬਹਾਦਰ ਜੀ ਦੀ ਜੀਵਨ. ’ਤੇ ਰੋਸ਼ਨੀ ਪਾਈ ਅਤੇ ਆਪਣੀ ਲਿਖਤ ਕਿਤਾਬ ’ਬ੍ਰਾਹਮਣੁ ਭਲਾ ਆਖੀਐ’ ਰਾਜਪਾਲ ਨੂੰ ਭੇਟ ਕੀਤਾ। ਇਸ ਮੌਕੇ ਸੰਤ ਗਿਆਨ. ਹਰਨਾਮ ਸਿੰਘ ਖ਼ਾਲਸਾ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਸਮੇਂ ਆਏ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ: ਮਲਕੀਤ ਸਿੰਘ ਬੱਲ, ਭਾਈ ਜਸਪਾਲ ਸਿੰਘ ਸਿੱਧੂ, ਪ੍ਰਧਾਨ ਗਿਆਨ ਸਿੰਘ ਨੇਰੂਲ, ਹਰਵਿੰਦਰ ਸਿੰਘ ਪਨਵੇਲ, ਚਰਨਦੀਪ ਸਿੰਘ ਜੀ (ਹੈਪੀ) ਕੰਮੋਥੇ, ਜਗਤਾਰ ਸਿੰਘ ਵਿਖਰੋਲੀ, ਗੁਰਮੀਤ ਸਿੰਘ ਬੱਲ ਵਿਖਰੋਲੀ, ਇੰਦਰਪ੍ਰੀਤ ਸਿੰਘ ਭਾਟੀਆ ਕੋਪਰਖੇੜੀ, ਤੇਜਿੰਦਰ ਸਿੰਘ ਵਾਸ਼ੀ, ਜੋਗਿੰਦਰ ਸਿੰਘ ਕਲੰਬੋਲੀ, ਪ੍ਰਤਾਪ ਸਿੰਘ ਭੈਲ ਖਰਘਰ, ਸੁਖਵਿੰਦਰ ਸਿੰਘ ਸੈਂਭੀ ਐਰੋਲੀ, ਜਸਬੀਰ ਸਿੰਘ ਧਾਮ ਚੂਨਾਭੱਟੀ, ਸਤਨਾਮ ਸਿੰਘ ਆਹੂਜਾ, ਸੁਖਵਿੰਦਰ ਸਿੰਘ ਸੰਧੂ ਨੇਰੂਲ, ਇਕਬਾਲ ਸਿੰਘ ਰੰਧਾਵਾ ਸੀਬੀਡੀ ਬੇਲਾਪੁਰ, .ਬੂਟਾ ਸਿੰਘ ਘੁੰਮਣ ਸੀਬੀਡੀ ਬੇਲਾਪੁਰ ਤੇ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਸਮੇਤ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਤਸਵੀਰ ਕੈਪਸ਼ਨ : ਮਹਾਰਾਸ਼ਟਰ ਦੇ ਮਾਣਯੋਗ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੇ ਹੋਰ।

NO COMMENTS

LEAVE A REPLY