ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਬਣਨਗੇ ਸਰਕਾਰੀ ਕਮਾਈ ਦੇ ਸਾਧਨ-ਭੁੱਲਰ

0
12

ਟਰਾਂਸਪੋਰਟ ਮਾਫੀਏ ਦਾ ਹੋਵੇਗਾ ਖਾਤਮਾ-ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਲਿਆ ਅਸ਼ੀਰਵਾਦ
ਅੰਮ੍ਰਿਤਸਰ, 23 ਮਾਰਚ ( ਰਾਜਿੰਦਰ ਧਾਨਿਕ)-ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕਰਨ ਮਗਰੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈਣ ਲਈ ਅੰਮ੍ਰਿਤਸਰ ਪੁੱਜੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸਪੱਸ਼ਟ ਕੀਤਾ ਕਿ ਰਾਜ ਵਿਚੋਂ ਟਰਾਂਸਪੋਰਟ ਮਾਫੀਏ ਦਾ ਖਾਤਮਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਜੋ ਕਿ ਵੱਡੇ ਜਨਤਕ ਅਧਾਰੇ ਹਨ, ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਕਿ ਸਰਕਾਰੀ ਖਜਾਨੇ ਦੀ ਕਮਾਈ ਦਾ ਸਾਧਨ ਬਣ ਸਕਣ। ਉਨਾਂ ਕਿਹਾ ਕਿ ਮੇਰੀ ਕੋਸਿਸ਼ ਹੋਵੇਗੀ ਕਿ ਜਨਤਕ ਖੇਤਰ ਦੇ ਇਹ ਅਧਾਰੇ ਜਿੱਥੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ, ਉਥੇ ਰਾਜ ਦੀ ਕਮਾਈ ਵਿਚ ਹਿੱਸਾ ਪਾਉਣ ਅਤੇ ਰੋਜ਼ਗਾਰ ਦੇ ਮੌਕੇ ਲੋਕਾਂ ਲਈ ਪੈਦਾ ਕਰਨ। ਸ. ਭੁੱਲਰ ਨੇ ਕਿਹਾ ਕਿ ਕੱਲ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਮੈਂ ਅੱਜ ਸ੍ਰੀ ਗੁਰੂ ਰਾਮ ਦਾਸ ਜੀ ਦਾ ਅਸ਼ੀਰਵਾਦ ਇਸ ਸ਼ੁਭ ਕਾਰਜ ਲਈ ਲੈਣ ਆਇਆ ਹਾਂ ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਨਾਂ ਕਿਹਾ ਕਿ ਨਾਜਾਇਜ਼ ਚੱਲਦੀਆਂ ਬੱਸਾਂ ਚਾਹੇ ਉਹ ਕਿਸੇ ਵੀ ਰਾਜਸੀ ਧਿਰ ਜਾਂ ਮੋਹਤਬਰ ਦੀਆਂ ਹੋਣ, ਜ਼ਬਤ ਕੀਤੀਆਂ ਜਾਣਗੀਆਂ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਸ. ਭੁੱਲਰ ਨੂੰ ਕਿਤਾਬਾਂ ਦੇ ਸੈਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਚਨਾ ਅਧਿਕਾਰੀ ਸ. ਜਸਵਿੰਦਰ ਜੱਸੀ, ਸ. ਅੰਮ੍ਰਿਤਪਾਲ ਸਿੰਘ, ਏ ਸੀ ਪੀ ਸ. ਕੰਵਲਜੀਤ ਸਿੰਘ ਮੰਡ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

NO COMMENTS

LEAVE A REPLY