ਭਗਵੰਤ ਮਾਨ ਨੇ ਰਾਸ਼ਟਰਪਤੀ ਦਾ ਅੰਮ੍ਰਿਤਸਰ ਪੁੱਜਣ ਉਤੇ ਕੀਤਾ ਸਵਾਗਤ

0
13

 

 

ਰਾਸ਼ਟਰਪਤੀ ਨੂੰ ਪਵਿੱਤਰ ਨਗਰੀ ਦੀ ਸ਼ਾਨਾਮੱਤੀ ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਵਿਰਾਸਤ ਬਾਰੇ ਕਰਵਾਇਆ ਜਾਣੂੰ

ਮੁੱਖ ਮੰਤਰੀ ਨੇ ਰਾਸ਼ਟਰਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ਼, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਵਿਖੇ ਕੀਤੇ ਦਰਸ਼ਨ

ਅੰਮ੍ਰਿਤਸਰ, 9 ਮਾਰਚ (ਪਵਿੱਤਰ ਜੋਤ) :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਇਸ ਪਵਿੱਤਰ ਸ਼ਹਿਰ ਵਿੱਚ ਪਹਿਲੀ ਵਾਰ ਪੁੱਜਣ ਉਤੇ ਸਵਾਗਤ ਕੀਤਾ।

ਮੁੱਖ ਮੰਤਰੀ ਨੇ ਇਕ ਦਿਨਾ ਦੌਰੇ ਉਤੇ ਅੰਮ੍ਰਿਤਸਰ ਪੁੱਜੇ ਰਾਸ਼ਟਰਪਤੀ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ। ਪੰਜਾਬ ਆਉਣ ਉਤੇ ਰਾਸ਼ਟਰਪਤੀ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਗੁਰੂਆਂ, ਸੰਤਾਂ, ਪੀਰਾਂ-ਫ਼ਕੀਰਾਂ ਦੀ ਧਰਤੀ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਦੱਸਿਆ ਕਿ ਪੰਜਾਬ ਦੀ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸ ਬਾਰੇ ਸਿਰਫ਼ ਇੱਥੇ ਆ ਕੇ ਹੀ ਜਾਣਿਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਪੰਜਾਬੀਆਂ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਨ ਦੇ ਨਾਲ-ਨਾਲ ਸੂਬੇ ਦੀ ਸ਼ਾਨਾਮੱਤੀ ਅਮੀਰ ਵਿਰਾਸਤ ਨੂੰ ਮਹਿਸੂਸ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡੇ ਲਈ ਇਕ ਯਾਦਗਾਰੀ ਮੌਕਾ ਹੈ ਅਤੇ ਸਮੁੱਚਾ ਪੰਜਾਬ ਦੇਸ਼ ਦੇ ਰਾਸ਼ਟਰਪਤੀ ਦਾ ਸੂਬੇ ਵਿੱਚ ਪੁੱਜਣ ਉਤੇ ਤਹਿ-ਦਿਲੋਂ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਇਸ ਧਰਤੀ ਉਤੇ ਦੇਸ਼ ਦੇ ਰਾਸ਼ਟਰਪਤੀ ਦੇ ਇੱਥੇ ਪੁੱਜਣ ਉਤੇ ਸੂਬਾ ਸਰਕਾਰ ਮਾਣ-ਮਹਿਸੂਸ ਕਰਦੀ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਰਾਸ਼ਟਰਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ਼, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਦੇ ਦਰਸ਼ਨ ਕੀਤੇ।

NO COMMENTS

LEAVE A REPLY