ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਜਾ ਰਹੇ ਹਨ ਬੰਸਰੀ: ਸ਼ਰਮਾ

0
21

 

ਅੱਤਵਾਦ ‘ਤੋਂ ਵੀ ਬੁਰੇ ਦੌਰ ‘ਤੋਂ ਗੁਜਰ ਰਿਹਾ ਹੈ ਪੰਜਾਬ: ਸ਼ਰਮਾ

ਅੰਨ੍ਹੀ-ਬੋਲੀ ਅਤੇ ਸੁੱਤੀ ਹੋਈ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ ਭਾਜਪਾ 9 ਮਾਰਚ ਨੂੰ ਸਵੇਰੇ 10 ਵਜੇ ਪੰਜਾਬ ਵਿਧਾਨ ਸਭਾ ਵੱਲ ਕੱਢੇਗੀ ਰੋਸ ਮਾਰਚ: ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਢਹਿ-ਢੇਰੀ ਕਾਨੂੰਨ- ਵਿਵਸਥਾ ਦੀ ਸਥਿਤੀ ਅਤੇ ਪੰਜਾਬ ਵਿਧਾਨ ਸਭਾ ‘ਚ ਪੇਸ਼ ਰਿਪੋਰਟ ਕਾਰਡ ‘ਤੇ ਚੁੱਕੇ ਸਵਾਲ

ਚੰਡੀਗੜ੍ਹ/ਅੰਮ੍ਰਿਤਸਰ, 7 ਮਾਰਚ (ਰਾਜਿੰਦਰ ਧਾਨਿਕ ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ 11 ਮਹੀਨਿਆਂ ਦੇ ਰਾਜ ਦੌਰਾਨ ਪੰਜਾਬ ਵਿੱਚ ਢਹਿ-ਢੇਰੀ ਹੋਈ ਕਾਨੂੰਨ-ਵਿਵਸਥਾ ਅਤੇ ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦੌਰਾਨ ਪੇਸ਼ ਕੀਤੇ ਪੰਜਾਬ ਸਰਕਾਰ ਦੇ ਰਿਪੋਰਟ ਕਾਰਡ ‘ਤੇ ਸਵਾਲ ਚੁੱਕਦੀਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਅਮਨ-ਕਾਨੂੰਨ ਅਤੇ ਸੂਬੇ ਵਿੱਚ ਸ਼ਾਂਤਮਈ ਮਾਹੌਲ ਨੂੰ ਲੈ ਕੇ ਵਿਧਾਨਸਭਾ ਅਤੇ ਜਨਤਾ ਦੇ ਸਾਹਮਣੇ ਕੋਰਾ ਝੂਠ ਬੋਲ ਰਹੇ ਹਨ। ਜਦੋਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ 11 ਮਹੀਨਿਆਂ ਵਿੱਚ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਹੋ ਗਏ ਹਨ? ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਉਲੀਕੀ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਕਾਲਾ ਭਿਆਨਕ ਦੌਰ ਵੀ ਦੇਖਿਆ ਹੈ ਅਤੇ ਉਸ ‘ਤੇ ਮੁਕਤੀ ਵੀ ਪ੍ਰਾਪਤ ਕੀਤੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ, ਖਾਲਿਸਤਾਨ ਸਮਰਥਕਾਂ, ਵੱਖਵਾਦੀਆਂ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਵਾਲਿਆਂ ਦੀਆਂ ਕਾਰਵਾਈਆਂ ਵਿੱਚ ਭਾਰੀ ਵਾਧਾ ਹੋਇਆ ਹੈ। ਇਹ ਵੱਖਵਾਦੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੰਜਾਬ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਲਗਾਤਾਰ ਪ੍ਰਚਾਰ-ਪ੍ਰਸਾਰ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਸੂਬੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਕਤਲਾਂ, ਫਿਰੌਤੀ ਮੰਗਣ ਅਤੇ ਨਾ ਦੇਣ ਬਦਲੇ ਕਤਲ ਦੀਆਂ ਘਟਨਾਵਾਂ, ਪੁਲਿਸ ਦੀ ਨੱਕ ਹੇਠ ਡਕੈਤੀਆਂ, ਥਾਣਿਆਂ ’ਤੇ ਕਬਜ਼ੇ ਆਦਿ ਕਾਰਨ ਪੰਜਾਬ ਦੇ ਲੋਕ ਡਰੇ ਹੋਏ ਹਨ। ਅਤਿਵਾਦ ਦੇ ਦੌਰ ਵਿੱਚ ਵੀ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਥਾਣੇ ’ਤੇ ਕਬਜ਼ਾ ਕੀਤਾ ਗਿਆ ਹੋਵੇ ਅਤੇ ਪੁਲੀਸ ਨੂੰ ਆਪਣੇ ਹੀ ਥਾਣੇ ਵਿੱਚ ਕੁੱਟਿਆ ਗਿਆ ਹੋਵੇ! ਪੁਲਿਸ ਨੇ ਆਤਮ-ਸਮਰਪਣ ਕਰ ਦਿੱਤਾਹੈ, ਇੰਨੀ ਕਮਜ਼ੋਰ ਪੁਲਿਸ ਮੈਂ ਕਦੇ ਨਹੀਂ ਦੇਖੀ, ਜਿੰਨੀ ਕਮਜ਼ੋਰ ਭਗਵੰਤ ਮਾਨ ਦੀ ਸਰਕਾਰ ਨੇ ਬਣਾ ਦਿੱਤੀ ਹੈ। ਇਸ ਲਈ ਜੇਕਰ ਕੋਈ ਦੋਸ਼ੀ ਹੈ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਹਨ, ਕਿਉਂਕਿ ਉਨ੍ਹਾਂ ਕੋਲ ਸੂਬੇ ਦੇ ਗ੍ਰਹਿ ਵਿਭਾਗ ਹੈ। ਪੰਜਾਬ ਸਰਕਾਰ ਨੇ ਹਿੰਸਾ ਕਰਨ ਵਾਲਿਆਂ ਅੱਗੇ ਗੋਡੇ ਟੇਕ ਦਿੱਤੇ ਅਤੇ ਗ੍ਰਿਫਤਾਰ ਦੋਸ਼ੀਆਂ ਦੀ ਜ਼ਮਾਨਤ ਦਾ ਸਮਰਥਨ ਕੀਤਾ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਕੋਈ ਦੋਸ਼ੀ ਨਹੀਂ ਸੀ ਤਾਂ ਉਸ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ? ਜੇਕਰ ਉਹ ਦੋਸ਼ੀ ਸੀ ਤਾਂ ਦਬਾਅ ਹੇਠ ਜ਼ਮਾਨਤ ਕਿਉਂ ਦਿੱਤੀ ਗਈ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਡੀ.ਜੀ.ਪੀ ਨੇ ਖੁਦ ਮੀਡੀਆ ਨੂੰ ਦੱਸਿਆ ਕਿ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਥਾਣੇ ‘ਤੇ ਕਬਜ਼ਾ ਕੀਤਾ ਅਤੇ ਪੁਲਸ ਦੀ ਕੁੱਟਮਾਰ ਕੀਤੀ, ਪਰ 15 ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਖਿਲਾਫ ਕੋਈ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ? ਡੀਜੀਪੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਵੱਲੋਂ ਡੀਜੀਪੀ ਨੂੰ ਆਧਾਰ ਬਣਾ ਕੇ ਧਮਕੀ ਦਿੱਤੀ ਗਈ ਕਿ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਦਿਖਾਉ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਇਹ ਸਭ ਕੁਝ ਮੁੜ ਦੁਹਰਾਇਆ ਜਾਵੇਗਾ। ਪੰਜਾਬ ਸਰਕਾਰ ਅਜਿਹੇ ਲੋਕਾਂ ਅੱਗੇ ਗੋਡੇ ਏਕ ਚੁੱਕੀ ਹੈ। ਪੰਜਾਬੀਆਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਸਰਕਾਰ ਪੰਜਾਬ ਨੂੰ 1984 ਦੇ ਕਾਲੇ ਅੱਤਵਾਦ ਦੇ ਦੌਰ ਵਿੱਚ ਵਾਪਸ ਲਿਜਾ ਰਹੀ ਹੈ। ਪੰਜਾਬ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੈ। ਪੰਜਾਬ ਦੀਆਂ ਜੇਲ੍ਹਾਂ ਵੀ ਸੁਰੱਖਿਅਤ ਨਹੀਂ ਹਨ, ਉੱਥੇ ਵੀ ਗੈਂਗ ਵਾਰ ਹੋ ਰਹੀ ਹੈ ਅਤੇ ਗੈੰਗਸਟਰ ਇੱਕ ਦੂਜੇ ਨੂੰ ਮਾਰ ਰਹੇ ਹਨ। ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਹੈ ਅਤੇ ਅਜਿਹੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬੰਸਰੀ ਵਜਾਉਂਦੇ ਨਜ਼ਰ ਆ ਰਹੇ ਹਨ। ਸੂਬੇ ਦੇ ਅਜਿਹੇ ਮਾਹੌਲ ਵਿੱਚ ਕੋਈ ਵੀ ਬਾਹਰੀ ਨਿਵੇਸ਼ਕ ਪੰਜਾਬ ਵਿੱਚ ਨਿਵੇਸ਼ ਕਰਨ ਦੀ ਹਿੰਮਤ ਨਹੀਂ ਕਰੇਗਾ। ਕਿਉਂਕਿ ਨਿਵੇਸ਼ਕ ਹਮੇਸ਼ਾ ਆਪਣੇ ਪੈਸੇ ਅਤੇ ਕਾਰੋਬਾਰ ਦੀ ਸੁਰੱਖਿਆ ਅਤੇ ਸ਼ਾਂਤੀ ਚਾਹੁੰਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੀ ਪਲ ਪਲ ਦੀ ਖਬਰ ਹੋਣ ਅਤੇ ਸੂਬੇ ਦੇ ਹਾਲਾਤ ਠੀਕ ਹੋਣ ਬਾਰੇ ਸਿਰਫ ਟਵੀਟ ਕਰਕੇ ਆਪਣਾ ਪੱਲਾ ਝਾੜ ਰਹੇ ਹਨ, ਜਦੋਂ ਕਿ ਸੂਬੇ ਦੇ ਹਾਲਾਤ ਇਸ ਤੋਂ ਬਿਲਕੁਲ ਉਲਟ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਵਿਰੋਧੀ ਧਿਰ ਵਜੋਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਵਚਨਬੱਧ ਹੈ। ਭਾਜਪਾ ਵੱਲੋਂ ਸਿਆਸਤ ਤੋਂ ਉੱਪਰ ਉੱਠ ਕੇ ਮੁਖਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਲਈ ਪੱਤਰ ਵੀ ਲਿਖਿਆ ਗਿਆ ਹੈ। ਪੱਤਰ ਵਿੱਚ ਪੰਜਾਬ ਵਿੱਚ 11 ਮਹੀਨਿਆਂ ਵਿੱਚ ਹੋਏ ਪੰਜਾਬ ਵਿੱਚ ਹੋਏ ਸਾਰੇ ਘਟਨਾਕ੍ਰਮ ਬਾਰੇ ਜ਼ਿਕਰ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਦੀ ਅੰਨ੍ਹੀ-ਬੋਲੀ ਅਤੇ ਸੁੱਤੀ ਹੋਈ ਭਗਵੰਤ ਮਾਨ ਸਰਕਾਰ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਅਤੇ ਉਸਨੂੰ ਗੂੜ੍ਹੀ ਨੀਂਦ ‘ਤੋਂ ਜਗਾ ਕੇ 9 ਮਾਰਚ ਨੂੰ ਸਵੇਰੇ 10 ਵਜੇ ਬੀ.ਜੇ.ਪੀ. ਹੈੱਡਕੁਆਰਟਰ, ਸੈਕਟਰ 37-ਏ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਢੇਗੀ। ਪੰਜਾਬ ਸਰਕਾਰ ਵੱਲੋਂ ਮੀਡੀਆ ‘ਤੇ ਕੀਤੇ ਜਾ ਰਹੇ ਅੱਤਿਆਚਾਰ ‘ਤੇ ਸਵਾਲ ਚੁੱਕਦਿਆਂ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਅਜਿਹਾ ਕਦੇ ਨਹੀਂ ਹੋਇਆ। ਪੰਜਾਬ ਸਰਕਾਰ ਸਿਆਸੀ ਲੋਕਾਂ ਅਤੇ ਜਨਤਾ ਦੇ ਨਾਲ-ਨਾਲ ਜਨਤਾ ਦੀ ਆਵਾਜ਼ ਕਹੇ ਜਾਣ ਵਾਲੇ ਚੌਥੇ ਥੰਮ ਮੀਡੀਆ ਦੀ ਆਵਾਜ਼ ਨੂੰ ਦਬਾਉਣ ‘ਤੇ ਲੱਗੀ ਹੋਈ ਹੈ। ਭਾਜਪਾ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਬਿਕਰਮਜੀਤ ਸਿੰਘ ਚੀਮਾ, ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ, ਕੇਵਲ ਸਿੰਘ ਢਿੱਲੋਂ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਸਹਿ ਸਕੱਤਰ ਹਰਦੇਵ ਸਿੰਘ ਉਭਾ ਆਦਿ ਹਾਜ਼ਰ ਸਨ।

NO COMMENTS

LEAVE A REPLY