ਬੁਢਲਾਡਾ 6 ਜੂਨ (ਦਵਿੰਦਰ ਸਿੰਘ ਕੋਹਲੀ)-ਪੰਜਾਬ ਅੰਦਰ ਦਿਨੋ ਦਿਨ ਪੈਰ ਪਸਾਰ ਰਹੇ ਚਿੱਟੇ ਦੇ ਨਸ਼ੇ ਨੇ ਬੋਹਾ ਖੇਤਰ ਨੂੰ ਵੀ ਪੂਰੀ ਤਰ੍ਹਾਂ ਅਪਣੀ ਲਪੇਟ ਵਿੱਚ ਲੈ ਲਿਆ ਹੈ ਜਿਸ ਦਾ ਨਤੀਜਾ ਇਹ ਹੈ ਕਿ ਖੇਤਰ ਦੇ ਨੌਜਵਾਨਾਂ ਦੇ ਨਾਲ ਨਾਲ ਨਾਬਾਲਗ ਬੱਚੇ ਵੀ ਇਸਦੇ ਆਦੀ ਹੁੰਦੇ ਜਾ ਰਹੇ ਹਨ।ਤਾਜੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਲੱਖੀਵਾਲ ਅੰਦਰ ਵੀ ਚਿੱਟੇ ਦੇ ਦੈਂਤ ਨੇ ਨੌਜਵਾਨਾਂ ਨੂੰ ਅਪਣੀ ਪਕੜ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਇੱਥੋਂ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਚਿੱਟੇ ਦੀ ਦਲਦਲ ਵਿੱਚ ਫਸਕੇ ਆਪਣੀ ਜਵਾਨੀ ਤਬਾਹ ਕਰ ਰਹੇ ਹਨ।ਇਸ ਸਮਸਿਆ ਕਾਰਨ ਅੱਜ ਪਿੰਡ ਦੀ ਪੰਚਾਇਤ ਸਮੇਤ ਅੱਜ ਪਿੰਡ ਨਿਵਾਸੀਆਂ ਨੇ ਬੋਹਾ ਥਾਣਾ ਅੱਗੇ ਪਹੁੰਚਕੇ ਰੋਸ ਜ਼ਾਹਰ ਕੀਤਾ ਅਤੇ ਪੁਲਿਸ ਨੂੰ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ। ਪਿੰਡ ਦੀ ਸਰਪੰਚ ਹਰਭਜਨ ਕੌਰ, ਸਮਾਜਸੇਵੀ ਰਜਿੰਦਰ ਸਿੰਘ ਬੱਬੂ, ਰਣਜੀਤ ਸਿੰਘ ਰਾਜਾ, ਜਸਵੀਰ ਸਿੰਘ ਨੰਬਰਦਾਰ ,ਪ੍ਰੀਤ ਕੌਰ, ਬਾਲਾਂ ਕੌਰ, ਸੁਖਵਿੰਦਰ ਕੌਰ, ਜਸਵੰਤ ਕੌਰ, ਮਨਿੰਦਰ ਕੌਰ,ਦੀਵਾਨ ਸਿੰਘ, ਮਨਜੀਤ ਕੌਰ ਨੇ ਆਖਿਆ ਕਿ ਪਿੰਡ ਅੰਦਰ ਦਿਨੋ ਦਿਨ ਵਧ ਰਹੀ ਨਸ਼ੇੜੀਆਂ ਦੀ ਭਰਮਾਰ ਨੇ ਉਹਨਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ ਕਿਉਂਕਿ ਇਹ ਨਸ਼ੇੜੀ ਪਿੰਡ ਵਿੱਚ ਬਣੀ ਪੀਰਾਂ ਦੀ ਜਗ੍ਹਾ ਤੇ ਅਪਣਾ ਡੇਰਾ ਜਮਾਈ ਬੈਠੇ ਹਨ ਜਿੱਥੇ ਮੱਥਾ ਟੇਕਣ ਜਾਂਦੇ ਔਰਤਾਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਇਹ ਬਹੁਤ ਪ੍ਰੇਸ਼ਾਨ ਕਰਦੇ ਹਨ। ਪਿੰਡ ਨਿਵਾਸੀਆਂ ਨੇ ਦੱਸਿਆ ਕਿ ਜੇਕਰ ਕੋਈ ਇਹਨਾਂ ਨੂੰ ਰੋਕਦਾ ਟੋਕਦਾ ਹੈ ਤਾਂ ਇਹ ਕੁੱਟਮਾਰ ਕਰਨ ਦੀਆਂ ਧਮਕੀਆਂ ਦਿੰਦੇ ਹਨ। ਬੀਤੇ ਕੱਲ੍ਹ ਪਿੰਡ ਦੇ ਨੌਜਵਾਨ ਜਸਵੀਰ ਸਿੰਘ ਨਾਲ ਇਹਨਾਂ ਨਸ਼ੇ ਦੇ ਆਦੀ ਨੌਜਵਾਨਾਂ ਨਾਲ ਤਕਰਾਰ ਹੋ ਗਈ ਤਾਂ ਇਹ ਦੇਰ ਸ਼ਾਮ ਹਥਿਆਰ ਲੈਕੇ ਉਕਤ ਨੌਜਵਾਨ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ ਦੇ ਨਾਲ ਨਾਲ ਪਿੰਡ ਦੀਆਂ ਸੜਕਾਂ ਤੇ ਘੁੰਮਦੇ ਰਹੇ ਪਰ ਇਹਨਾਂ ਤੋਂ ਡਰਦਾ ਕੋਈ ਪਿੰਡ ਨਿਵਾਸੀ ਬਾਹਰ ਨਾ ਆਇਆ। ਇਸ ਕਾਰਨ ਅੱਜ ਪਿੰਡ ਨਿਵਾਸੀ ਇਕੱਤਰ ਹੋਕੇ ਬੋਹਾ ਪੁਲਿਸ ਨੂੰ ਪਿੰਡ ਦੇ ਮਹੌਲ ਤੋਂ ਜਾਣੂ ਕਰਵਾਉਣ ਬੋਹਾ ਥਾਣੇ ਪਹੁੰਚੇ ਹਨ। ਇਕੱਤਰ ਲੋਕਾਂ ਨੇ ਆਖਿਆ ਜੇਕਰ ਤਰੁੰਤ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਨਸ਼ੇੜੀਆਂ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਉੱਧਰ ਇਸ ਸੰਬੰਧੀ ਬੋਹਾ ਥਾਣੇ ਦੇ ਮੁੱਖੀ ਭੁਪਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਬੋਹਾ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਪਹਿਲਾਂ ਹੀ ਸਖਤੀ ਵਰਤ ਰਹੀ ਹੈ ਅਤੇ ਉਹਨਾਂ ਪਿੰਡ ਨਿਵਾਸੀਆਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਥਾਣਾ ਮੁੱਖੀ ਨੇ ਆਖਿਆ ਕਿ ਉਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਅਸੀਂ ਖੇਤਰ ਵਿਚੋਂ ਨਸ਼ਿਆਂ ਦੇ ਪੂਰਨ ਖਾਤਮੇ ਲਈ ਤੱਤਪਰ ਹਾਂ ਅਤੇ ਇਲਾਕਾ ਨਿਵਾਸੀ ਇਸ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੰਜਾਬ ਪੁਲਿਸ ਦਾ ਜ਼ਰੂਰ ਸਾਥ ਦੇਣ।