ਸਾਬਕਾ ਅਕਾਲੀ ਮੰਤਰੀ, ਸਾਬਕਾ ਕਾਂਗਰਸੀ ਵਿਧਾਇਕ ਅਤੇ ਧਾਰਮਿਕ ਡੇਰਿਆਂ ਤੋਂ ਇਲਾਵਾ ਤਤਕਾਲੀ ਸੀ ਐਮ ਓ ਦੇ ਕੁਝ ਅਧਿਕਾਰੀਆਂ ਦੀ ਸ਼ਮੂਲੀਅਤ ਗੰਭੀਰ ਤੇ ਸੰਵੇਦਨਸ਼ੀਲ ਮੁੱਦਾ
ਨਸ਼ਿਆਂ ਦਾ ਮੁੱਦਾ ਕੇਵਲ ਚੋਣ ਮੁੱਦਾ ਹੀ ਨਹੀਂ ਰਹਿਣਾ ਚਾਹੀਦਾ ਸਗੋਂ ਅਸਲ ’ਚ ਨਸ਼ਿਆਂ ‘ਤੇ ਕਾਬੂ ਪਾਉਣ ਦੀ ਲੋੜ
ਅੰਮ੍ਰਿਤਸਰ 16 ਦਸੰਬਰ (ਰਾਜਿੰਦਰ ਧਾਨਿਕ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸਾਬਕਾ ਪੁਲੀਸ ਅਫ਼ਸਰ ਸਤਪਾਲ ਸਿੰਘ ਗਿੱਲ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਨੂੰਨੀ ਗ੍ਰਿਫ਼ਤ ਤੋਂ ਬਚਾਉਣ ਲਈ ਮਾਲਵੇ ਦੇ ਕੁਝ ਸਿਆਸਤਦਾਨਾਂ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਕੀਤੇ ਗਏ ਸਪਸ਼ਟ ਤੇ ਅਹਿਮ ਖ਼ੁਲਾਸੇ ਨੂੰ ਗੰਭੀਰ ਮਾਮਲਾ ਗਰਦਾਨਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਸੀ ਬੀ ਆਈ ਜਾਂ ਜੁਡੀਸ਼ੀਅਲ ਜਾਂਚ ਕਰਵਾ ਕੇ ਸਾਰੀ ਸਚਾਈ ਸਾਹਮਣੇ ਲਿਆਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸਾਬਕਾ ਐਸ ਐਚ ਓ ਸਤਪਾਲ ਸਿੰਘ ਗਿੱਲ ਵੱਲੋਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਮਾਲਵੇ ਨਾਲ ਸੰਬੰਧਿਤ ਸਾਬਕਾ ਅਕਾਲੀ ਮੰਤਰੀ, ਸਾਬਕਾ ਕਾਂਗਰਸੀ ਵਿਧਾਇਕ ਅਤੇ ਧਾਰਮਿਕ ਡੇਰਿਆਂ ਨਾਲ ਸੰਬੰਧਿਤ ਵਿਅਕਤੀਆਂ ਤੋਂ ਇਲਾਵਾ ਪਿਛਲੇ ਸਮਿਆਂ ਦੇ ਮੁੱਖ ਮੰਤਰੀ ਦਫ਼ਤਰ ਨਾਲ ਸੰਬੰਧਿਤ ਕੁਝ ਅਧਿਕਾਰੀਆਂ ਦਾ ਸਪਸ਼ਟ ਨਾਮ, ਨਸ਼ਿਆਂ ਦੇ ਸੌਦਾਗਰਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਵਾਲਿਆਂ ਵਜੋਂ ਖ਼ੌਫ਼ਨਾਕ ਖ਼ੁਲਾਸਾ ਕੀਤਾ ਗਿਆ ਹੈ। ਨਸ਼ਿਆਂ ਦੇ ਮਾਮਲੇ ’ਚ ਇਨ੍ਹਾਂ ਜ਼ਿੰਮੇਵਾਰ ਲੋਕਾਂ ਦੀ ਭੂਮਿਕਾ ਜਾਂ ਸ਼ਮੂਲੀਅਤ ਸਮਾਜ ਅਤੇ ਕਾਨੂੰਨ ਲਈ ਬਹੁਤ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਾ ਹੈ। ਸਾਬਕਾ ਐਸ ਐਚ ਓ ਵੱਲੋਂ ਨਸ਼ਿਆਂ ਦੀ ਵੱਡੀ ਬਰਾਮਦਗੀ ਦੇ ਬਾਵਜੂਦ ਕਈ ਮਾਮਲਿਆਂ ’ਚ ਸਿਆਸੀ ਦਬਾਅ ਦੇ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਰਹੀ, ਨੂੰ ਵੀ ਕਿਸੇ ਕੀਮਤ ’ਤੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਧੰਦੇ ਦਾ ਵਧਣਾ ਫੁੱਲਣਾ ਪੰਜਾਬ ਲਈ ਨਾ ਸਿਰਫ਼ ਵੱਡੀ ਚੁਨੌਤੀ ਹੈ, ਸਗੋਂ ਹੁਣ ਇਹ ਇਕ ਵੱਡੀ ਤ੍ਰਾਸਦੀ ਵੀ ਬਣ ਗਈ ਹੈ। ਪੰਜਾਬ ਵਿਚ ਨਸ਼ਿਆਂ ਨਾਲ ਮੌਤਾਂ ਦਾ ਹੋਣਾ ਹੁਣ ਨਿੱਤ ਦਾ ਵਰਤਾਰਾ ਹੈ। ਸਮਾਜਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਇਸ ਨੇ ਪੰਜਾਬ ਦੀ ਜਵਾਨੀ ਨੂੰ ਹੀ ਤਬਾਹ ਨਹੀਂ ਕੀਤਾ ਸਗੋਂ ਪੰਜਾਬ ਦੀ ਨਸਲ ਵੀ ਖ਼ਰਾਬ ਕਰ ਰਹੀ ਹੈ।
ਚਿੱਟੇ ਲਿਬਾਸ ਓੜੇ ਕੁਝ ਸਿਆਸਤਦਾਨਾਂ ਵੱਲੋਂ ਡਰੱਗ ਮਾਫ਼ੀਆ ਨਾਲ ਗੱਠਜੋੜ ਜਾਂ ਉਨ੍ਹਾਂ ਦੀ ਪੁਸ਼ਟ ਪਨਾਹੀ ਬਾਰੇ ਇਮਾਨਦਾਰ ਪੁਲੀਸ ਅਫ਼ਸਰਾਂ ਵੱਲੋਂ ਕਈ ਵਾਰ ਕੀਤੇ ਗਏ ਅਹਿਮ ਖ਼ੁਲਾਸਿਆਂ ਤੋਂ ਪੰਜਾਬ ਦੇ ਬਾਸ਼ਿੰਦੇ ਹੈਰਾਨ ਅਤੇ ਪ੍ਰੇਸ਼ਾਨ ਹਨ। ਨਸ਼ਿਆਂ ਦੇ ਮਾਮਲੇ ਬਾਰੇ ਹਾਕਮ ਧਿਰਾਂ ਦਾ ਵਤੀਰਾ ਇਸ ਸਮੱਸਿਆ ਦੀ ਗੰਭੀਰਤਾ ਤੇ ਵਿਕਰਾਲਤਾ ਤੋਂ ਮੁਨਕਰ ਦਾ ਰਿਹਾ ਹੈ। ਨਸ਼ਿਆਂ ਦਾ ਮੁੱਦਾ ਕੇਵਲ ਚੋਣ ਮੁੱਦਾ ਹੀ ਨਹੀਂ ਰਹਿਣਾ ਚਾਹੀਦਾ । ਹਕੀਕਤ ’ਚ ਨਸ਼ਿਆਂ ‘ਤੇ ਕਾਬੂ ਪਾਉਣ ਦੀ ਵੱਡੀ ਲੋੜ ਹੈ। ਜਦੋਂ ਤਕ ਡਰੱਗ ਮਾਫ਼ੀਆ ਨੂੰ ਸ਼ਹਿ ਦੇਣ ਵਾਲੇ ਸਿਆਸਤਦਾਨਾਂ ਨੂੰ ਬੇਨਕਾਬ ਨਹੀਂ ਕਰਾਂਗੇ, ਨਸ਼ਿਆਂ ਦਾ ਲੱਕ ਨਹੀਂ ਤੋੜਿਆ ਜਾ ਸਕਦਾ। ਨਾ ਹੀ ਨੌਜਵਾਨਾਂ ਵਿਚ ਨਸ਼ਿਆਂ ਦੀ ‘ਲਤ’ ਤੋੜੀ ਜਾ ਸਕਦੀ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਬਕਾ ਪੁਲੀਸ ਅਧਿਕਾਰੀ ਸਤਪਾਲ ਸਿੰਘ ਗਿੱਲ ਨੇ ਆਪਣੀ ਜਾਨ ਜੋਖ਼ਮ ’ਚ ਪਾਉਂਦਿਆਂ ਬਿਨਾ ਕਿਸੇ ਡਰ ਭੈ ਦੇ ਜ਼ਮੀਰ ਦੀ ਅਵਾਜ਼ ਸੁਣ ਕੇ ਡਰੱਗ ਮਾਫ਼ੀਆ ਅਤੇ ਕੁਝ ਸਿਆਸਤਦਾਨਾਂ ਦੇ ਗੱਠਜੋੜ ਦਾ ਖ਼ੁਲਾਸਾ ਕੀਤਾ ਹੈ। ਹੁਣ ਇਸ ਖ਼ੁਲਾਸੇ ਦੇ ਇਕ ਇਕ ਨੁਕਤੇ ਨੂੰ ਜਾਂਚ ਦਾ ਵਿਸ਼ਾ ਬਣਾਉਣਾ ਅਤੇ ਪੰਜਾਬ ਨੂੰ ਉਜਾੜਨ ’ਤੇ ਲੱਗੇ ਲੋਕਾਂ ਦਾ ਪਰਦਾਫਾਸ਼ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ।