ਵਿਦੇਸ਼ੀ ਮਹਿਮਾਨਾਂ ਨੇ `ਸਾਡਾ ਪਿੰਡ` ਵਿੱਚ ਪੰਜਾਬ ਦੇ ਪੇਂਡੂ ਜੀਵਨ ਦੇ ਨੇੜੇ ਤੋਂ ਦਰਸ਼ਨ ਕੀਤੇ

0
9

 

ਸਰੋਂ ਦੇ ਸਾਗ ਅਤੇ ਪੰਜਾਬੀ ਪਕਵਾਨਾਂ ਦੇ ਸੁਆਦ ਨੇ ਮਹਿਮਾਨਾਂ ਨੂੰ ਅਨੰਦਿਤ ਕੀਤਾ

ਵਿਦੇਸ਼ੀ ਮਹਿਮਾਨਾਂ ਨੇ ਚਲਾਇਆ ਚਰਖਾ ਅਤੇ ਪੰਜਾਬ ਦੇ ਹੋਰ ਰੰਗ ਮਾਣੇ

ਅੰਮ੍ਰਿਤਸਰ, 17 ਮਾਰਚ ( ਪਵਿੱਤਰ ਜੋਤ)  – ਅੰਮ੍ਰਿਤਸਰ ਵਿਖੇ ਚੱਲ ਰਹੇ ਜੀ-20 ਸੰਮੇਲਨ ਵਿੱਚ ਹਾਜ਼ਰੀ ਭਰ ਰਹੇ ਵਿਦੇਸ਼ੀ ਮਹਿਮਾਨਾਂ ਨੂੰ ਬੀਤੀ ਸ਼ਾਮ ਡਿਪਟੀ ਕਮਿਸਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਜਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਬਾਖੂਬੀ ਪ੍ਰਬੰਧਾਂ ਸਦਕਾ `ਸਾਡਾ ਪਿੰਡ` ਵਿਖੇ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਜੀਵਨ ਜਾਚ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ। ਬੀਤੀ ਸ਼ਾਮ ਜਦੋਂ ਵਿਦੇਸ਼ੀ ਮਹਿਮਾਨ ਸਾਡਾ ਪਿੰਡ ਵਿਖੇ ਪਹੁੰਚੇ ਤਾਂ ਉਨ੍ਹਾਂ ਦਾ ਓਥੇ ਰਿਵਾਇਤੀ ਪੰਜਾਬੀ ਰਸਮੋਂ-ਰਿਵਾਜ਼ਾਂ ਨਾਲ ਸਵਾਗਤ ਕੀਤਾ ਗਿਆ। `ਸਾਡਾ ਪਿੰਡ` ਵਿੱਚ ਵਿਦੇਸ਼ੀ ਮਹਿਮਾਨਾਂ ਦੀ ਆਮਦ ਨਾਲ ਵਿਆਹ ਵਰਗਾ ਮਹੌਲ ਬਣ ਗਿਆ ਅਤੇ ਸਾਰੇ ਮਹਿਮਾਨ ਨੇ ਪੰਜਾਬ ਦੇ ਪੇਂਡੂ ਰਹਿਣ-ਸਹਿਣ ਨੂੰ ਦੇਖਣ ਵਿੱਚ ਬੜੀ ਉਤਸੁਕਤਾ ਦਿਖਾਈ।

ਸਭ ਤੋਂ ਪਹਿਲਾਂ `ਸਾਡਾ ਪਿੰਡ` ਵਿੱਚ ਮਹਿਮਾਨਾਂ ਨੇ ਪੰਜਾਬ ਦੇ ਰਿਵਾਇਤੀ ਖਾਣੇ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦਾ ਸਵਾਦ ਚੱਖਿਆ। ਇਸਤੋਂ ਬਾਅਦ ਉਨ੍ਹਾਂ ਨੇ ਛੰਨੇ ਭਰ-ਭਰ ਚਾਟੀ ਦੀ ਲੱਸੀ ਪੀਤੀ।

ਇਸ ਉਪਰੰਤ ਵਿਦੇਸ਼ੀ ਮਹਿਮਾਨਾਂ ਨੇ ਪਿੰਡ ਵਿੱਚ ਸਰਪੰਚ ਦਾ ਘਰ, ਨੰਬਰਦਾਰ ਦਾ ਘਰ, ਜੁਲਾਹੇ ਦਾ ਘਰ, ਘੁਮਿਆਰ ਦਾ ਘਰ, ਤਰਖਾਣ ਦਾ ਘਰ, ਲੁਹਾਰ ਦਾ ਘਰ, ਡਾਕਘਰ, ਫੁਲਕਾਰੀ ਘਰ, ਪਰਾਂਦਾ ਘਰ, ਸੰਗੀਤ ਘਰ, ਕਿਸਾਨ ਦੀ ਹਵੇਲੀ ਅਤੇ ਹਕੀਮ ਦਾ ਘਰ ਦੇਖਿਆ।

ਇਸੇ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਸਾਡਾ ਪਿੰਡ ਦੇ ਘਰ ਵਿੱਚ ਪੰਜਾਬੀ ਵਿਰਸੇ ਦੀ ਅਨਮੋਲ ਨਿਸ਼ਾਨੀ ਚਰਖਾ ਕੱਤ ਕੇ ਪੰਜਾਬ ਦੀਆਂ ਸਵਾਣੀਆਂ ਦੀ ਜੀਵਨ ਜਾਚ ਨੂੰ ਮਹਿਸੂਸ ਕੀਤਾ। ਜਦੋਂ ਵਿਦੇਸ਼ੀ ਮਹਿਮਾਨ ਚਰਖਾ ਕੱਤ ਰਹੇ ਸਨ ਤਾਂ ਮੁਟਿਆਰਾਂ ਵੱਲੋਂ ਲੋਕ ਗੀਤ `ਨੀਂ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ` ਗੁਣ-ਗੁਣਾਇਆ ਜਾ ਰਿਹਾ ਸੀ।

ਇਸ ਮੌਕੇ ਮਹਿਮਾਨਾਂ ਵੱਲੋਂ ਫੁਲਕਾਰੀ ਘਰ ਵਿੱਚ ਪੰਜਾਬੀ ਵਿਰਸੇ ਅਤੇ ਪੇਂਡੂ ਔਰਤਾਂ ਦੀ ਦਸਤਕਾਰੀ ਕਲਾ ਦੀਆਂ ਵੰਨਗੀਆਂ ਫੁਲਕਾਰੀ, ਬਾਗ, ਪਰਾਂਦੇ ਆਦਿ ਨੂੰ ਦੇਖਿਆ। ਜੁਲਾਹੇ ਦੇ ਘਰ ਵਿੱਚ ਲੱਗੀ ਖੱਡੀ ਉੱਪਰ ਬਣ ਰਹੀਆਂ ਦਰੀਆਂ ਅਤੇ ਖੇਸਾਂ ਨੂੰ ਵੀ ਉਨ੍ਹਾਂ ਨੂੰ ਬੜੇ ਗੌਹ ਨਾਲ ਦੇਖਿਆ ਅਤੇ ਪੰਜਾਬ ਦੀ ਕਲਾ ਤੇ ਹੁਨਰ ਨੂੰ ਸਲਾਮ ਕੀਤਾ।

ਇਸੇ ਦੌਰਾਨ ਸਾਡਾ ਪਿੰਡ ਵਿੱਚ ਵਿਦੇਸ਼ੀ ਮਹਿਮਾਨਾਂ ਨੇ ਭੱਠੀ ਵਾਲੀ ਕੋਲੋਂ ਜਵਾਰ ਦੇ ਦਾਣੇ ਭੁੰਨਾ ਕੇ ਫੁੱਲਿਆਂ ਦਾ ਸਵਾਦ ਚੱਖ ਕੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਮਹਿਸੂਸ ਕੀਤਾ। ਸਾਡਾ ਪਿੰਡ ਦੇ ਵਿਹੜੇ ਵਿੱਚ ਮਦਾਰੀ ਵੱਲੋਂ ਪੇਸ਼ ਕੀਤੀ ਜਾਦੂ ਦੀ ਕਲਾ ਨੇ ਵਿਦੇਸ਼ੀ ਮਹਿਮਾਨਾਂ ਨੂੰ ਹੈਰਤ ਵਿੱਚ ਪਾ ਦਿੱਤਾ।
ਇਸ ਮੌਕੇ ਸਾਡਾ ਪਿੰਡ ਵਿੱਚ ਵਿਦੇਸ਼ੀ ਮਹਿਮਾਨਾਂ ਦੀ ਆਮਦ ਮੌਕੇ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਣ ਲਈ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬ ਦਾ ਲੋਕ ਨਾਚ ਭੰਗੜਾ, ਝੂਮਰ, ਪੰਜਾਬੀਆਂ ਦੀ ਬਹਦਾਰੀ ਅਤੇ ਸੂਰਮਗਤੀ ਦਾ ਪ੍ਰਤੀਕ ਜੰਗਜੂ-ਕਲਾ ਗਤਕਾ ਦੀ ਜੋਸ਼ੀਲੀ ਪੇਸ਼ਕਾਰੀ ਨੇ ਸਮੁੱਚੇ ਪ੍ਰੋਗਰਾਮ ਨੂੰ ਚਰਮਸੀਮਾਂ `ਤੇ ਪਹੁੰਚਾਅ ਕੇ ਇਨ੍ਹਾਂ ਪਲਾਂ ਨੂੰ ਸਦੀਵੀ ਤੌਰ `ਤੇ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਰਬਾਬ ਦੀਆਂ ਤਰਬਾਂ ਨੇ ਮਾਹੌਲ ਨੂੰ ਹੋਰ ਵੀ ਸਾਜ਼ਗਰ ਬਣਾ ਦਿੱਤਾ।

ਫਰਾਂਸ ਤੋਂ ਪਹੁੰਚੇ ਡੈਲੀਗੇਟ ਬੋਰਹੇਨੇ ਚੈਕਰਾਉਨ, ਡਾਇਰੈਕਟਰ ਆਫ ਪਾਲਿਸੀ ਐਂਡ ਲਾਈਫ ਲਾਊਂਗ ਲਰਨਿੰਗਸ ਸਿਸਟਮ ਡਵੀਜ਼ਨ ਐਟ ਯੂਨੈਸਕੋ ਹੈੱਡ-ਕੁਆਟਰ ਅਤੇ ਓਮਾਨ ਦੀ ਮਨਿਸਟਰੀ ਆਫ ਹਾਇਰ ਐਜੂਕੇਸ਼ਨ, ਰਿਸਚਰਚ ਐਂਡ ਇਨੋਵੇਨਸ਼ ਦੇ ਪ੍ਰਤੀਨਿਧ ਬਦਰ ਅਲੀ-ਅਲ-ਹਿਨਾਈ ਨੇ ਸਾਡਾ ਪਿੰਡ ਵਿੱਚ ਪੰਜਾਬੀ ਵਿਰਸੇ ਨੂੰ ਦੇਖਣ ਅਤੇ ਮਹਿਸੂਸ ਕਰਨ ਤੋਂ ਬਾਅਦ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਰਹਿਣ-ਸਹਿਣ, ਸਦਾਚਾਰ, ਆਪਸੀ ਪਿਆਰ, ਭਾਈਚਾਰਕ ਸਾਂਝ, ਮਹਿਮਾਨ-ਨਿਵਾਜ਼ੀ ਅਤੇ ਖਾਣਾ ਸੱਚਮੁੱਚ ਹੀ ਬਾਕਮਾਲ ਹੈ ਅਤੇ ਇਸਦਾ ਹੋਰ ਕੋਈ ਤੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਪਿੰਡ ਵਿੱਚ ਆ ਕੇ ਉਨ੍ਹਾਂ ਨੂੰ ਪੰਜਾਬੀ ਵਿਰਸੇ ਨੂੰ ਅੱਖੀਂ ਦੇਖਣ ਦਾ ਮੌਕਾ ਮਿਲਿਆ ਹੈ ਅਤੇ ਉਹ ਰੰਗਲੇ ਪੰਜਾਬ ਦੀਆਂ ਮਿੱਠੀਆਂ ਯਾਦਾਂ ਨੂੰ ਹਮੇਸ਼ਾਂ ਆਪਣੇ ਦਿਲ ਵਿੱਚ ਵਸਾ ਕੇ ਰੱਖਣਗੇ।

NO COMMENTS

LEAVE A REPLY