ਚੰਡੀਗੜ/ਅੰਮ੍ਰਿਤਸਰ 17 ਮਾਰਚ (ਪਵਿੱਤਰ ਜੋਤ) : ਮੁੱਖਮੰਤਰੀ, ਪੰਜਾਬ ਭਗਵੰਤ ਮਾਨ ਗ੍ਰਹਿ ਮੰਤਰਾਲਾ ਸਾਂਭਣ ਦੇ ਯੋਗ ਨਹੀਂ ਹਨ,ਮਾਨਸਾ ਦੇ ਕੋਟਲੀ ਕਲਾਂ ਵਿਖੇ 6 ਸਾਲਾਂ ਮਾਸੂਮ ਬੱਚੇ ਦੀ ਹੱਤਿਆਂ ਤੋਂ ਬਾਅਦ ਜੇਕਰ ਮੁੱਖ ਮੰਤਰੀ ਦੇ ਕੋਲ ਜੇ ਅੰਤਰ ਆਤਮਾ ਦੀ ਅਵਾਜ ਬਚੀ ਹੋਵੇ ਤਾਂ ਤੁਰੰਤ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਕੀਤਾ ।ਉਹਨਾਂ ਨੇ ਕਿਹਾ ਇਸ ਹੱਤਿਆ ਨੇ ਪੰਜਾਬੀਆ ਦੇ ਦਿਲਾਂ ਨੂੰ ਦਹਿਲਾਕੇ ਰੱਖ ਦਿੱਤਾ ਹੈ ਤੇ ਅਸੀਂ ਸਾਰੇ ਬਹੁਤ ਦੁਖੀ ਤੇ ਚਿੰਤਤ ਹਾਂ।
ਸ਼ੁਭਾਸ ਸ਼ਰਮਾ ਨੇ ਦੋਸ਼ ਲਗਾਇਆ ਕਿ ਜਦੋਂ ਤੋਂ ਭਗਵੰਤ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਹੈ। ਮੁੱਖ ਮੰਤਰੀ ਪੰਜਾਬ ਵੱਲ ਧਿਆਨ ਦੇਣ ਦੀ ਵਜਾਏ ਆਪਣੇ ਆਕਾ ‘ ਆਪ ‘ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਖੁਸ਼ ਰੱਖਣ ਵਿੱਚ ਲੱਗਿਆ ਹੋਇਆ ਹੈ।
ਉਹਨਾਂ ਦੱਸਿਆ ਕਿ ਪਿਛਲੇ ਅੱਠ ਮਹੀਨਿਆਂ ਤੋਂ ਪੰਜਾਬ ਕੋਲ ਰੈਗੁਲਰ ਪੁਲਿਸ ਮੁਖੀ ਨਹੀਂ ਹੈ, ਜਦੋਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 6 ਮਹੀਨੇ ਤੋਂ ਜ਼ਿਆਦਾ ਸਮਾ ਕਾਰਜਕਾਰੀ ਡੀਜੀਪੀ ਨਹੀਂ ਲਗਾਇਆ ਜਾ ਸਕਦਾ। ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਡੇ ਸੰਵਿਧਾਨ, ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ। ਉਹਨਾ ਕਿਹਾ ਪੰਜਾਬ ਵਿੱਚ ਜਿਸ ਤਰਾਂ ਰੋਜ਼ਾਨਾ ਹੱਤਿਆਵਾਂ ਹੋ ਰਹੀਆਂ ਹਨ, ਪੁਲਿਸ ਥਾਣਿਆਂ ਤੇ ਕਬਜ਼ਾ ਕਰਕੇ ਪੁਲਿਸ ਤੇ ਹਮਲੇ ਹੋ ਰਹੇ ਹਨ, ਇਹ ਸਭ ਕੁਝ ਆਮ ਭਗਵੰਤ ਮਾਨ ਦੀਆਂ ਨਾਲਾਕੀਆਂ ਕਾਰਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਹੋਣ ਦੀ ਬਜਾਏ ਦਿਨੋ ਦਿਨ ਹੋਰ ਖਰਾਬ ਹੋ ਰਹੇ ਹਨ ।ਉਹਨਾਂ ਕਿਹਾ ਕਿ ਪੰਜਾਬ ਵਿੱਚ ਬਦਮਾਸਾ, ਗੈਗਸਟਰ ਤੇ ਦੇਸ਼ ਵਿਰੋਧੀ ਤਾਕਤਾਂ ਦੇ ਹੋਸਲੇ ਬੁਲੰਦ ਹਨ। ਉਹਨਾਂ ਮੰਗ ਕੀਤੀ ਕਿ ਮਾਸੂਮ ਬੱਚੇ ਦੀ ਹੱਤਿਆ ਦੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਪੰਜਾਬ ਦਾ ਰੈਗੁਲਰ ਪੁਲਿਸ ਮੁਖੀ ਲਗਾਇਆ ਜਾਵੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਔਹਦੇ ਤੋਂ ਤੁਰੰਤ ਅਸਤੀਫ਼ਾ ਦੇਣ।