ਅੰਮ੍ਰਿਤਸਰ: 6 ਜਨਵਰੀ (ਪਵਿੱਤਰ ਜੋਤ) : ਪੱਛਮੀ ਵਿਧਾਨ ਸਭਾ ਵਿੱਚ ਪੈਂਦੇ ਭਾਜਪਾ ਦੇ ਚਾਰੇ ਮੰਡਲਾਂ ਅਤੇ ਇਸ ਵਿਧਾਨ ਸਭਾ ਵਿੱਚ ਰਹਿ ਰਹੇ ਸਾਰੇ ਸੂਬਾਈ ਅਤੇ ਜ਼ਿਲ੍ਹਾ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪੱਛਮੀ ਖੰਡਵਾਲਾ ਮੰਡਲ ਦੇ ਪ੍ਰਧਾਨ ਨਰੇਸ਼ ਕੁਮਾਰ ਰੀਕੋ ਦੇ ਗ੍ਰਹਿ ਵਿਖੇ ਹੋਈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਨਵ-ਨਿਯੁਕਤ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਐਡਵੋਕੇਟ ਕੁਮਾਰ ਅਮਿਤ ਵੀ ਮੌਜੂਦ ਸਨI ਮੀਟਿੰਗ ਵਾਲੀ ਥਾਂ ‘ਤੇ ਪੁੱਜਣ ‘ਤੇ ਕੁਮਾਰ ਅਮਿਤ ਨੇ ਆਪਣੇ ਹਲਕੇ ਦੇ ਅਹੁਦੇਦਾਰਾਂ ਸਮੇਤ ਹਰਵਿੰਦਰ ਸਿੰਘ ਸੰਧੂ ਦਾ ਫੁੱਲਾਂ ਦੇ ਗੁਲਦਸਤੇ ਅਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾI ਇਸ ਮੀਟਿੰਗ ਵਿੱਚ ਜਿੱਥੇ ਹਰਵਿੰਦਰ ਸਿੰਘ ਸੰਧੂ ਨੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਜਾਣ-ਪਛਾਣ ਕੀਤੀ, ਉੱਥੇ ਹੀ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਬੰਧੀ ਵੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।
ਹਰਵਿੰਦਰ ਸਿੰਘ ਸੰਧੂ ਨੇ ਹਾਜ਼ਰ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸਮੂਹ ਮੰਡਲ ਪ੍ਰਧਾਨਾਂ ਤੋਂ ਉਨ੍ਹਾਂ ਦੇ ਜਥੇਬੰਦਕ ਢਾਂਚੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈਣ ਉਪਰੰਤ ਬੂਥ ਪੱਧਰ ‘ਤੇ ਰਹਿ ਗਈਆਂ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਹਦਾਇਤ ਵੀ ਕੀਤੀI ਉਨ੍ਹਾਂ ਅਹੁਦੇਦਾਰਾਂ ਨਾਲ ਜਥੇਬੰਦੀ ਦਾ ਵਿਸਥਾਰ ਕਰਨ ਅਤੇ ਪੂਰੀ ਤਰ੍ਹਾਂ ਸਰਗਰਮ ਕਰਨ ਲਈ ਵਿਚਾਰ-ਵਟਾਂਦਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਅੰਮ੍ਰਿਤਸਰ ਦੀਆਂ ਸਾਰੀਆਂ ਨਿਗਮ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਪਾਰਟੀ ਵੱਲੋਂ ਸਰਗਰਮ ਅਤੇ ਚੋਣ ਲੜਨ ਦੇ ਇੱਛੁਕ ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਹਲਕਿਆਂ ਤੋਂ ਫੀਡਬੈਕ ਲੈ ਕੇ ਚੋਣ ਲੜਨ ਦਾ ਮੌਕਾ ਦਿੱਤਾ ਜਾਵੇਗਾ।
ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਭਾਰਤੀ ਜਨਤਾ ਪਾਰਟੀ ਲਈ ਬਹੁਤ ਹੀ ਅਨੁਕੂਲ ਹਨ। ਉਨ੍ਹਾਂ ਸਾਰਿਆਂ ਨੂੰ ਸੱਦਾ ਦਿੱਤਾ ਕਿ ਉਹ ਆਪੋ-ਆਪਣੇ ਇਲਾਕੇ ਦੇ ਲੋਕਾਂ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਪੰਜਾਬ ਵਿਰੋਧੀ ਸੋਚ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ‘ਚ ਲੋਕ ‘ਆਪ’ ਉਮੀਦਵਾਰਾਂ ਨੂੰ ਜ਼ਰੂਰ ਸਬਕ ਸਿਖਾਉਣਗੇ।
ਇਸ ਮੌਕੇ ਐਸਪੀ ਕੇਵਲ ਕੁਮਾਰ, ਕੌਂਸਲਰ ਅਰਵਿੰਦ ਸ਼ਰਮਾ, ਸੀਨੀਅਰ ਭਾਜਪਾ ਆਗੂ ਕੁਲਦੀਪ ਰਾਜ, ਛੇਹਰਟਾ ਮੰਡਲ ਪ੍ਰਧਾਨ ਅਸ਼ਵਨੀ ਬਾਬਾ, ਕੋਟ ਖਾਲਸਾ ਮੰਡਲ ਦੇ ਪ੍ਰਧਾਨ ਰਮੇਸ਼ ਪੱਪੂ, ਪੁਤਲੀਘਰ ਮੰਡਲ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ, ਜਨਰਲ ਸੈਕਟਰੀ ਸੂਰਜ ਮਦਾਨ, ਤਰੁਣ ਅਰੋੜਾ, ਗੋਰਾ ਰੰਧਾਵਾ, ਸੰਨੀ, ਅਜੇ ਕੁਮਾਰ, ਰਮਨ ਸ਼ਰਮਾ, ਸੁਸ਼ੀਲ ਸ਼ਰਮਾ, ਸ਼ਿਆਮ ਲਾਲ, ਜਗਜੀਤ ਗਿੱਲ ਆਦਿ ਹਾਜ਼ਰ ਸਨ।