ਬੁਢਲਾਡਾ, 6 ਜਨਵਰੀ -(ਦਵਿੰਦਰ ਸਿੰਘ ਕੋਹਲੀ)-ਵੋਟਰਾਂ ਪਾਸੋਂ ਆਧਾਰ ਨੰਬਰ ਪ੍ਰਾਪਤ ਕਰਕੇ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ 08 ਜਨਵਰੀ, 2023 ਦਿਨ ਐਤਵਾਰ ਨੂੰ ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ ਹਰੇਕ ਪੋਲਿੰਗ ਸਟੇਸ਼ਨ ’ਤੇ ਚੋਣ ਹਲਕਿਆਂ ਵਿਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵੱਲੋਂ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ ਨੇ ਦਿੱਤੀ।ਉਨ੍ਹਾਂ ਜ਼ਿਲ੍ਹੇ ਦੇ ਵਿਧਾਨ ਸਭਾ ਚੋਣ ਹਲਕਾ 96-ਮਾਨਸਾ , 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐਸ.ਸੀ.) ਦੇ ਵੋਟਰਾਂ ਨੂੰ ਵਿਸ਼ੇਸ ਤੋਰ ’ਤੇ ਅਪੀਲ ਕੀਤੀ ਹੈ ਕਿ 08 ਜਨਵਰੀ 2023 ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ 4.00 ਵਜੇ ਤੱਕ ਕਿਸੇ ਵੀ ਸਮੇਂ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਆਧਾਰ ਕਾਰਡ ਦੀ ਕਾਪੀ ਪੋਲਿੰਗ ਸਟੇਸ਼ਨ ਦੇ ਸਬੰਧਤ ਬੂਥ ਲੈਵਲ ਅਫ਼ਸਰ ਪਾਸ ਜਮ੍ਹਾਂ ਕਰਵਾ ਕੇ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਵਾਉਣ ਤਾਂ ਜੋ ਭਾਰਤ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੇ ਗਏ ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਵੋਟਰਾ ਵਲੋਂ ਆਧਾਰ ਕਾਰਡ ਲਿੰਕ ਕਰਵਾੳਣਾ ਸਵੈਇੱਛੁਕ ਹੈ ਨਾ ਕਿ ਲਾਜ਼ਮੀ। ਜੇਕਰ ਕਿਸੇ ਵੋਟਰ ਪਾਸ ਆਧਾਰ ਕਾਰਡ ਨਹੀਂ ਹੈ ਤਾਂ ਉਸ ਵੋਟਰ ਦੀ ਐਂਟਰੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਗਏ ਕੁੱਲ 11 ਦਸਤਾਵੇਜ਼ਾ ਵਿੱਚੋ ਕੋਈ ਇੱਕ ਦਸਤਾਵੇਜ (ਜਿਵੇਂ ਕਿ ਮਨਰੇਗਾ ਨੌਕਰੀ ਕਾਰਡ , ਬੈਂਕ/ ਡਾਕਖਾਨੇ ਦੁਆਰਾ ਜਾਰੀ ਕੀਤੀ ਗਈ ਫੋਟੋ ਵਾਲੀ ਪਾਸਬੁੱਕ , ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ , ਡਰਾਈਵਿੰਗ ਲਾਇਸੈਂਸ, ਪੈਨ ਕਾਰਡ , ਐਨ.ਪੀ. ਆਰ ਦੇ ਤਹਿਤ ਆਰ. ਜੀ. ਆਈ ਵੱਲੋਂ ਜਾਰੀ ਕੀਤਾ ਗਿਆ ਸਮਾਰਟ ਕਾਰਡ , ਭਾਰਤੀ ਪਾਸਪੋਰਟ , ਫੋਟੋ ਸਮੇਤ ਪੈਨਸ਼ਨ ਦਸਤਾਵੇਜ, ਕੇਂਦਰੀ / ਰਾਜ ਸਰਕਾਰ / ਪੀ. ਐਸ. ਯੂ/ ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਫੋਟੋ ਵਾਲਾ ਸੇਵਾ ਸ਼ਨਾਖਤੀ ਕਾਰਡ , ਸੰਸਦ ਮੈਂਬਰਾਂ / ਵਿਧਾਇਕਾਂ / ਐਮ. ਐਲ. ਸੀ ਨੂੰ ਜਾਰੀ ਕੀਤਾ ਅਧਿਕਾਰ ਸ਼ਨਾਖਤੀ ਕਾਰਡ , ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ , ਭਾਰਤ ਸਰਕਾਰ ਵੱਲੋਂ ਜਾਰੀ ਵਿਲੱਖਣ ਦਿਵਿਆਂਗਤਾ ਸ਼ਨਾਖਤੀ ਕਾਰਡ (ਯੂ.ਡੀ.ਆਈ. ਡੀ) ਦੀ ਕਾਪੀ ਦੇ ਕੇ ਤਸਦੀਕ ਕਰਵਾ ਸਕਦਾ ਹੈ ।ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨਰ ਨਵੀਂ ਦਿੱਲੀ ਵੱਲੋਂ ਵੋਟਰ ਸੂਚੀਆਂ ਨੂੰ ਸ਼ੁੱਧ ਅਤੇ ਤਰੁੱਟੀ ਰਹਿਤ ਤਿਆਰ ਕਰਨ ਅਤੇ ਵੋਟਰਾਂ ਨੂੰ ਸਮੇਂ ਸਿਰ ਵੋਟਰ ਸੁਵਿਧਾਵਾਂ ਦੇਣ, ਵੋਟ, ਪੋਲਿੰਗ ਸਟੇਸ਼ਨ, ਬੂਥ ਲੈਵਲ ਅਫ਼ਸਰ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ 01 ਅਗਸਤ, 2022 ਤੋਂ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਬਤੌਰ ਰਜਿਸਟਰ ਹੋਏ ਵੋਟਰਾਂ ਦੇ ਡਾਟੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਕੇ ਉਨ੍ਹਾਂ ਦੀ ਵੋਟਰ ਸੂਚੀ ਵਿਚ ਐਂਟਰੀ ਨੂੰ ਤਸਦੀਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ।01 ਅਗਸਤ, 2022 ਤੋਂ ਲਗਾਤਾਰ ਵਿਧਾਨ ਸਭਾ ਚੋਣ ਹਲਕਿਆਂ ਵਿਚ ਨਿਯੁਕਤ ਕੀਤੇ ਬੂਥ ਲੈਵਲ ਅਫ਼ਸਰਾਂ ਵੱਲੋਂ ਵੋਟਰਾਂ ਦੇ ਘਰ ਘਰ ਜਾ ਕੇ ਆਨਲਾਈਨ (ਮੋਬਾਇਲ ਐਪ ਰਾਹੀਂ) ਅਤੇ ਆਫਲਾਈਨ ਵਿਧੀ ਰਾਹੀਂ ਫਾਰਮ ਨੰਬਰ 6-ਬੀ ਪ੍ਰਾਪਤ ਕਰਕੇ ਆਨਲਾਈਨ ਕੀਤੇ ਜਾ ਰਹੇ ਹਨ।