ਦਸੰਬਰ ਮਹੀਨੇ ’ਚ 5181 ਵਿਅਕਤੀਆਂ ਨੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਦਾ ਲਿਆ ਲਾਹਾ-ਐਸ.ਐਸ.ਪੀ.

0
12

ਬੁਢਲਾਡਾ, 6 ਜਨਵਰੀ -(ਦਵਿੰਦਰ ਸਿੰਘ ਕੋਹਲੀ)-ਇੱਕੋ ਛੱਤ ਹੇਠ ਆਸਾਨ ਪ੍ਰਣਾਲੀ ਰਾਹੀਂ ਆਮ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਾਂਝ ਕੇਂਦਰ ਬਹੁਤ ਅਹਿਮ ਭੁਮਿਕਾ ਨਿਭਾਅ ਰਹੇ ਹਨ ਅਤੇ ਲੋਕ ਇਨ੍ਹਾਂ ਸਾਂਝ ਕੇਂਦਰਾਂ ਦਾ ਵੱਡੀ ਗਿਣਤੀ ਵਿੱਚ ਲਾਹਾ ਲੈ ਰਹੇ ਹਨ। ਇਹ ਜਾਣਕਾਰੀ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰ ਆਮ ਜਨਤਾ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਜਿੱਥੇ ਸਹਾਈ ਸਾਬਿਤ ਹੋ ਰਹੇ ਹਨ, ਉਥੇ ਸਾਂਝ ਕੇਂਦਰਾਂ ਨਾਲ ਆਮ ਲੋਕਾਂ ਦੀ ਸਾਂਝ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਜ਼ਿਲ੍ਹੇ ਦੇ ਸਾਂਝ ਕੇਂਦਰਾਂ ਤੋਂ 5181 ਵਿਅਕਤੀਆਂ ਨੇ ਵੱਖੋ-ਵੱਖਰੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ ਅਤੇ ਸਬ ਡਵੀਜ਼ਨ ਪੱਧਰ ਵਿਖੇ ਸਥਾਪਿਤ 3 ਸਾਂਝ ਕੇਂਦਰਾਂ ਸਮੇਤ 12 ਥਾਣਿਆਂ ਵਿੱਚ ਸਥਾਪਿਤ ਪੁਲਿਸ ਸਟੇਸ਼ਨ ਸਾਂਝ ਕੇਂਦਰ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਕਾਫੀ ਲਾਭਦਾਇਕ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰਾਈਜ਼ਡ ਪ੍ਰਣਾਲੀ ਨਾਲ ਲੈਸ ਇਨ੍ਹਾਂ ਸਾਂਝ ਕੇਂਦਰਾਂ ਵਿਖੇ ਪੰਜਾਬ ਸੇਵਾ ਅਧਿਕਾਰ ਐਕਟ 2011 ਅਧੀਨ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਲੋਕਾਂ ਨੂੰ ਨਿਸ਼ਚਿਤ ਸਮੇਂ ਅੰਦਰ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਅਸਲਾ ਲਾਇਸੰਸ ਨੂੰ ਨਵਿਆਉਣ ਸਬੰਧੀ ਪੜਤਾਲ ਦੇ 268, ਅਸਲੇ ਦੇ ਵਾਧੇ-ਘਾਟੇ ਲਈ 23 ਦਰਖ਼ਾਸਤਾਂ, ਐਫ.ਆਈ.ਆਰ ਅਤੇ ਡੀ.ਡੀ.ਆਰ. ਸਬੰਧੀ 345, ਕਿਰਾਏਦਾਰਾਂ ਅਤੇ ਨੌਕਰਾਂ ਦੇ ਚਾਲ-ਚਲਣ ਸਬੰਧੀ 67, ਗੱਡੀਆਂ ਦੇ ਇਤਰਾਜਹੀਣਤਾ ਸਰਟੀਫਿਕੇਟ ਸਬੰਧੀ 608 ਅਤੇ ਸਰਵਿਸ ਵੈਰੀਫਿਕੇਸ਼ਨ ਸਬੰਧੀ ਪ੍ਰਾਪਤ ਹੋਈਆਂ 178 ਦਰਖਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਸੀਮਾ ਅੰਦਰ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਚਾਲ-ਚਲਣ ਤਸਦੀਕ ਕਰਨ ਸਬੰਧੀ 1113, ਪਾਸਪੋਰਟ ਵੈਰੀਫਿਕੇਸ਼ਨ ਸਬੰਧੀ 1796, ਸ਼ਿਕਾਇਤਾਂ ਦੀ ਪੜਤਾਲ ਸਬੰਧੀ 360, ਸ਼ਿਕਾਇਤਾਂ ਸਬੰਧੀ ਕੀਤੀ ਗਈ ਕਾਰਵਾਈ ਦੀ ਸੂਚਨਾ ਦੇਣ ਸਬੰਧੀ 394 ਅਤੇ ਪਾਸਪੋਰਟ ਨਾਲ ਸਬੰਧਿਤ ਹੋਰ ਸੇਵਾਵਾਂ ਸਬੰਧੀ ਕੁੱਲ 18 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਵੈਰੀਫਿਕੇਸ਼ਨ ਸੇਵਾਵਾਂ ਸਬੰਧੀ 11 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।ਐਸ.ਐਸ.ਪੀ. ਨੇ ਆਮ ਲੋਕਾਂ ਨੂੰ ਪੁਲਿਸ ਸਾਂਝ ਕੇਂਦਰਾਂ ਤੋਂ ਸੁਖਾਲੇ ਮਾਹੌਲ ਹੇਠ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਜ਼ਿਲ੍ਹੇ ਵਿਚ ਅਮਨ ਤੇ ਕਾਨੂੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿੱਚ ਜ਼ਿਲ੍ਹਾ ਪੁਲਿਸ ਵਿਭਾਗ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹਨ।

NO COMMENTS

LEAVE A REPLY