ਸੁਖਬੀਰ ਬਾਦਲ ਸਿੱਖ ਮੁੱਦਿਆਂ ’ਤੇ ਦੋਹਰੇ ਮਾਪਦੰਡ ਅਪਣਾ ਕੇ ਕੌਮ ਨੂੰ ਗੁਮਰਾਹ ਕਰਨ ਤੋਂ ਗੁਰੇਜ਼ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ

0
22

ਅੰਮ੍ਰਿਤਸਰ 29 ਦਸੰਬਰ (ਪਵਿੱਤਰ ਜੋਤ ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਉੱਤੇ ’ਵੀਰ ਬਾਲ ਦਿਵਸ’ ਬਾਰੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੀ ਉਨ੍ਹਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੁਝ ਸਾਲ ਪਹਿਲਾਂ ’ਬਾਲ ਦਿਵਸ’ ਦੇ ਰੂਪ ਵਿਚ ਮਨਾਉਣ ਲਈ ਕੀਤੀ ਗਈ ਮੰਗ ਠੀਕ ਹੈ ਜਾਂ ਹੁਣ ਕੀਤਾ ਜਾ ਰਿਹਾ ਬੇਲੋੜਾ ਵਿਰੋਧ ਸਹੀ ਹੈ? ਇਸ ਬਾਰੇ ਉਨ੍ਹਾਂ ਨੂੰ ਸਿੱਖ ਕੌਮ ਅੱਗੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਪੁਰਾਣੀਆਂ ਅਖ਼ਬਾਰਾਂ ਦੇ ਹਵਾਲੇ ਨਾਲ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਕੰਟਰੋਲ ਵਾਲੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ 16 ਜਨਵਰੀ 2018 ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਾਏ ਗਏ ਕੌਮੀ ਪੱਧਰ ਦੇ ਸੈਮੀਨਾਰ ਵਿਚ ਬੁਲਾਰਿਆਂ ਵੱਲੋਂ ਦੇਸ਼ ਵਿਚ ਸਰਕਾਰੀ ਪੱਧਰ ’ਤੇ ’ਬਾਲ ਦਿਵਸ’ ਮਨਾਉਣ ਦੀ ਰਵਾਇਤ ਸ਼ੁਰੂ ਕਰਨ ਦੀ ਮੰਗ ਪ੍ਰਤੀ ਖ਼ੁਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੁਖਬੀਰ ਬਾਦਲ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਮੌਜੂਦਗੀ ਵਿਚ ਵਕਾਲਤ ਕੀਤੀ ਸੀ। ਦਿਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਰਸਾ ਦੀ ਅਗਵਾਈ ’ਚ ਕਰਾਏ ਗਏ ਸੈਮੀਨਾਰ ਵਿਚ ਕਈ ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਪਾਰਲੀਮੈਂਟ ਮੌਜੂਦ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਇਤਰਾਜ਼ ਸੀ ਤਾਂ ਇਸ ਬਾਰੇ ਕੇਂਦਰੀ ਮੰਤਰੀ ਮੰਡਲ ਵਿਚ ਫ਼ੈਸਲੇ ਲਏ ਜਾਣ ਦੌਰਾਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਕਿਉਂ ਨਾ ਜਤਾਇਆ?
ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਹੋ ਗਏ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਨਾ ਕਿਸੇ ਨੂੰ ਵੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਗਾਥਾ ਨੂੰ ਦੁਨੀਆ ਦੇ ਹਰੇਕ ਮੁਲਕ ਤੇ ਹਰੇਕ ਧਰਮ ਹਰੇਕ ਵਿਅਕਤੀ ਕੋਲ ਪਹੁੰਚਾਉਣ ਦਾ ਉਪਰਾਲਾ ਤਾਂ ਕੀ ਕਰਨਾ ਸੀ ਕਿਸੇ ਨੂੰ ਖ਼ਿਆਲ ਤਕ ਨਹੀਂ ਆਇਆ। ਉਨ੍ਹਾਂ ਬਾਦਲਕਿਆਂ ਨੂੰ ਸਵਾਲ ਕੀਤਾ ਕਿ ਮੋਦੀ ਸਰਕਾਰ ਵੱਲੋਂ ਸਿੱਖੀ ਸਰੋਕਾਰਾਂ ਦੇ ਨਾਲ ਨਾਲ ਗੁਰੂ ਸਾਹਿਬਾਨ ਦੇ ਪ੍ਰਕਾਸ਼ ਅਤੇ ਸ਼ਹੀਦੀ ਦਿਹਾੜਿਆਂ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ’ਤੇ ਵਿਰੋਧ ਕਰਨ ਦੇ ਕੀ ਅਰਥ ਲਏ ਜਾਣੇ ਚਾਹੀਦੇ ਹਨ?
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਸੁਖਬੀਰ ਬਾਦਲ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਅਤੇ ਉਸਾਰੂ ਕੰਮਾਂ ਦਾ ਵਿਰੋਧ ਕਰਦਿਆਂ ਸਿੱਖ ਕੌਮ ਨੂੰ ਗੁਮਰਾਹ ਕਰ ਕੇ ਸੌੜੀ ਰਾਜਨੀਤੀ ਕਰ ਰਿਹਾ ਹੈ। ਬਾਦਲਾਂ ਨੂੰ ਅਜਿਹੀ ਦੋਹਰੀ ਮਾਪਦੰਡ ਨੂੰ ਤਿਲਾਂਜਲੀ ਦੇ ਕੇ ਕੌਮ ਦੇ ਵੱਡੇ ਹਿਤਾਂ ਦੀ ਖ਼ਾਤਰ ਅੱਗੇ ਆਉਣਾ ਚਾਹੀਦਾ ਹੈ। ਨਾ ਕਿ ਵਿਰੋਧ ਦੇ ਨਾਂ ’ਤੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਅਕਾਲੀ ਦਲ (ਬਾਦਲ) ਇਕ ਪਾਸੇ ਸਿੱਖ ਕੌਮ ਦੀ ਅਗਵਾਈ ਕਰਨ ਦਾ ਦਿਖਾਵਾ ਕਰਦਾ ਹੈ, ਦੂਜੇ ਪਾਸੇ ਕੌਮ ਨੂੰ ਦੁਬਿਧਾ ਵਿਚ ਪਾਉਣ ਅਤੇ ਆਪਣੀ ਹੋਂਦ ਜਤਾਉਣ ਲਈ ਮੁੱਦਿਆਂ ਨੂੰ ਜਾਣਬੁੱਝ ਕੇ ਉਛਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮ ਦੇ ਹਿਤਾਂ ਲਈ ਸਕਾਰਾਤਮਿਕ ਆਲੋਚਨਾ ਦੀ ਲੋਕ ਸ਼ਲਾਘਾ ਕਰਦੇ ਹਨ। ਜੋ ਲੋਕ ਨਾਕਾਰਾਤਮਕਤਾ ਫੈਲਾਉਂਦੇ ਹਨ ਉਹ ਨਾ ਤਾਂ ਕਿਸੇ ਪਾਰਟੀ ਦੇ ਹਿਤ ’ਚ ਹਨ ਅਤੇ ਨਾ ਹੀ ਕਿਸੇ ਦੇਸ਼ ਸਮਾਜ ਜਾਂ ਧਰਮ ਦੇ ਹਿਤ ਵਿਚ ਹਨ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਇਸ ਸਮੇਂ ਪਹਿਲਾਂ ਹੀ ਕਈ ਗੰਭੀਰ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਅਕਾਲੀ ਦਲ (ਬਾਦਲ) ਦੇ ਵੱਲੋਂ ਹੀ ਸਮੇਂ ਸਮੇਂ ਪੈਦਾ ਕੀਤੀਆਂ ਗਈ ਸਨ। ਉਨ੍ਹਾਂ ਕਿਹਾ ਕਿ ਇਤਿਹਾਸਕ ਘਟਨਾਵਾਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ, ਪਰ ਬਾਦਲਕਿਆਂ ਵੱਲੋਂ ਕੁਰਸੀ ਖ਼ਾਤਰ ਕੀਤੀਆਂ ਗਈਆਂ ਗ਼ਲਤੀਆਂ ਦੇ ਖਮਿਆਜਿਆਂ ਦਾ ਭੁਗਤਾਨ ਪੂਰੀ ਕੌਮ ਨੂੰ ਕਰਨਾ ਪੈ ਰਿਹਾ ਹੈ। ਨਹੀਂ ਤਾਂ ਅੱਜ ਵੀ ਪੰਜਾਬ ਖ਼ੁਸ਼ਹਾਲੀ ਦੀਆਂ ਸਿਖ਼ਰਾਂ ਨੂੰ ਛੂਹ ਰਹਾ ਹੁੰਦਾ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਵੀ ਕਿਸੇ ਸਿਆਸੀ ਪਾਰਟੀ ਦਾ ਹੱਥ ਠੋਕਾ ਨਾ ਬਣਨ ਅਤੇ ਗੁਰੂ ਸਾਹਿਬਾਨ ਵੱਲੋਂ ਦੱਸੇ ਰਸਤੇ ’ਤੇ ਚੱਲ ਕੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹਾਦਤਾਂ ਦੇ ਦਿਹਾੜਿਆਂ ਨੂੰ ਵੱਡੇ ਪੱਧਰ ’ਤੇ ਮਨਾਉਂਦਿਆਂ ਕੌਮ ਵਿਚ ਸਮਾਜਕ ਤੇ ਧਾਰਮਿਕ ਜਾਗ‌੍ਰਿਤੀ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਜਿਸ ਤੋਂ ਆਉਣ ਵਾਲੀਆਂ ਪੀੜੀਆਂ ਸਿੱਖੀ ਪਰੰਪਰਾ ਤੋਂ ਪ੍ਰੇਰਨਾ ਲੈਂਦੀਆਂ ਰਹਿਣ। ਉਨ੍ਹਾਂ ਕਿਹਾ ਮੋਦੀ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ’ਚ ਵੀਰ ਬਾਲ ਦਿਵਸ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਵੱਡੇ ਕਾਰਜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਦ ਸਨਮਾਨ ਕੀਤਾ ਜਾਵੇਗਾ।

NO COMMENTS

LEAVE A REPLY