ਬੁਢਲਾਡਾ, 29 ਦਸੰਬਰ -(ਦਵਿੰਦਰ ਸਿੰਘ ਕੋਹਲੀ)-ਕਲਗੀਧਰ ਪਾਤਸ਼ਾਹ, ਸਰਬੰਸਦਾਨੀ ਪਿਤਾ,ਸੰਤ ਸਿਪਾਹੀ, ਖਾਲਸਾ ਪੰਥ ਦੇ ਮੋਢੀ,ਦਸਮੇਸ਼ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 357ਵਾਂ ਆਗਮਨ ਗੁਰਪੁਰਬ ਗੁਰਦੁਆਰਾ ਸਿੰਘ ਸਭਾ ਇਲਾਕਾ ਬਾਰ੍ਹਾ, ਬੁਢਲਾਡਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ ਕੁਲੈਹਰੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ 29 ਦਸੰਬਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਰੱਖੇ ਜਾਣਗੇ।ਇਸ ਦਿਨ ਹੀ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਗਤਕਾ ਪਾਰਟੀ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਚਾਹ, ਬ੍ਰੈੱਡ ਪਕੌੜੇ, ਦੁੱਧ ਆਦਿ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਦਾ ਥਾਂ-ਥਾਂ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ ਕੁਲੈਹਿਰੀ ਨੇ ਦੱਸਿਆ ਕਿ 31 ਦਸੰਬਰ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ। ਇਸ ਉਪਰੰਤ ਕੀਰਤਨ ਦੀਵਾਨ ਸਜਾਇਆ ਜਾਵੇਗਾ। ਜਿਸ ਵਿੱਚ ਹਜ਼ੂਰੀ ਰਾਗੀ ਜਥਾ ਗਿਆਨੀ ਹਰਦੇਵ ਸਿੰਘ ਅਤੇ ਨਿਧਾਨ ਸਿੰਘ,ਗਿਆਨੀ ਤਰਸੇਮ ਸਿੰਘ ਖੇਤਲਾ ਦਾ ਢਾਡੀ ਜਥਾ ਅਤੇ ਸਥਾਨਕ ਜਥੇ ਮਨੋਹਰ ਕੀਰਤਨ ਰਾਹੀਂ ਅਤੇ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਜਾਵੇਗਾ।