8 ਸਾਲ ਤੋਂ ਬਿਨ੍ਹਾਂ ਪਰਾਲੀ ਸਾੜੇ ਖੇਤੀ ਕਰਦਾ ਹੈ ਪਿੰਡ ਚੱਕ ਭਾਈ ਕੇ ਦਾ ਕਿਸਾਨ ਕਰਮਜੀਤ ਸਿੰਘ

0
48

ਬੁਢਲਾਡਾ, 17 ਨਵੰਬਰ  (ਦਵਿੰਦਰ ਸਿੰਘ ਕੋਹਲੀ) : ਪਿੰਡ ਚੱਕ ਭਾਈਕੇ ਦਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ 10 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ। ਕਿਸਾਨ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ 8 ਸਾਲ ਤੋਂ ਉਸ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਬਿਨ੍ਹਾਂ ਅੱਗ ਲਗਾਏ ਲਗਾਤਾਰ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਕਰ ਰਿਹਾ ਹੈ।
ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਕੁਦਤਰ ਦੇ ਹਿਤ ਵਿਚ ਜਿੱਥੇ ਇਹ ਕਾਰਜ ਕਰਕੇ ਰੂਹ ਨੂੰ ਸਕੂਨ ਮਿਲਦਾ ਹੈ ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਹਰ ਸਾਲ ਦੁੱਗਣੀ ਮਿਲਦੀ ਹੈ ਅਤੇ ਕਣਕ ਦਾ ਝਾੜ ਵੀ ਵਧਦਾ ਹੈ। ਇਸ ਨਾਲ ਜਿੱਥੇ ਮਿੱਟੀ ਵਿਚ ਪਾਣੀ ਅਤੇ ਹਵਾ ਦਾ ਸੰਤੁਲਨ ਵਧੀਆ ਬਣਿਆ ਰਹਿੰਦਾ ਹੈ, ਉੱਥੇ ਹੀ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਨਾਲ ਹੋਣ ਵਾਲਾ ਫਸਲ ਦੇ ਨੁਕਸਾਨ ਦਾ ਖਦਸ਼ਾ ਵੀ ਘਟਿਆ ਰਹਿੰਦਾ ਹੈ।
ਸਫਲ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬੁਢਲਾਡਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਉਸ ਨੂੰ ਸਮੇਂ ਸਮੇਂ ਤੇ ਜਰੂਰਤ ਅਨੁਸਾਰ ਬਹੁਤ ਵਧੀਆ ਸੇਧ ਦਿੱਤੀ ਜਾ ਰਹੀ ਹੈ। ਉਸ ਨੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਮਸ਼ੀਨਰੀ ਦੀ ਜਾਣਕਾਰੀ ਲੈ ਕੇ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਤਾਂ ਜੋ ਧਰਤੀ ਅਤੇ ਵਾਤਾਵਰਣ ਦੀ ਖੁਸ਼ਹਾਲੀ ਬਰਕਰਾਰ ਰਹੇ।

NO COMMENTS

LEAVE A REPLY