ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ‘ਤੇ ਅਸ਼ਵਨੀ ਸ਼ਰਮਾ ਨੇ ਸਾਰਿਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਪਠਾਨਕੋਟ/ਅੰਮ੍ਰਿਤਸਰ 17 ਸਤੰਬਰ (ਪਵਿੱਤਰ ਜੋਤ) : ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ‘ਤੇ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਸਿਰਫ ਰਾਜਨੀਤੀ ਹੀ ਨਹੀਂ ਕਰਦੀ, ਸਗੋਂ ਲੋਕਾਂ ਲਈ ਸੇਵਾ ਦਾ ਕੰਮ ਵੀ ਕਰਦੀ ਹੈ। ਭਾਜਪਾ ਹੀ ਇੱਕ ਅਜਿਹੀ ਸਿਆਸੀ ਪਾਰਟੀ ਹੈ ਜੋ ‘ਨਰ-ਸੇਵਾ ਨਰਾਇਣ ਸੇਵਾ’ ਦੇ ਕਥਨ ਨੂੰ ਸਾਰਥਕ ਕਰਦੇ ਹੋਏ ਇਸਦਾ ਵਰਕਰ ਨਿਰਸਵਾਰਥ ਸੇਵਾ ਦਾ ਕੰਮ ਕਰਦੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸੇ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਹਰ ਸਾਲ ‘ਸੇਵਾ ਪਖਵਾੜਾ’ ਮਨਾਇਆ ਜਾਂਦਾ ਹੈ, ਜਿਸ ਵਿਚ ਦੇਸ਼ ਭਰ ਵਿਚ ਭਾਜਪਾ ਦੇ ਵਰਕਰਾਂ ਵਲੋਂ ਆਪੋ-ਆਪਣੇ ਖੇਤਰਾਂ ਵਿਚ 15 ਦਿਨਾਂ ਤੱਕ ਵੱਖ-ਵੱਖ ਤਰ੍ਹਾਂ ਦੇ ਸੇਵਾ ਕਾਰਜ ਕੀਤੇ ਜਾਂਦੇ ਹਨ। ਇਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਪੰਜਾਬ ਸਮੇਤ ਦੇਸ਼ ਭਰ ‘ਚ ਖੂਨਦਾਨ ਕੈਂਪ ਲਗਾ ਕੇ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਦੀ ‘ਚ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾਵਾਂ ਵਿੱਚ ਵੀ ਖੂਨ ਦਾਨ ਕੈੰਪ ਲਗਾਏ ਜਾ ਰਹੇ ਹਨ। ਇਸੇ ਕੜੀ ਵਿੱਚ ਪਠਾਨਕੋਟ ਵਿੱਚ ਵੀ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਰੁੱਖ ਲਗਾਉਣਾ, ਸਫ਼ਾਈ ਮੁਹਿੰਮ, ਕੋਵਿਡ ਟੀਕਾਕਰਨ, ਟੀ.ਬੀ. ਮੁਕਤ ਭਾਰਤ, ਏਕ ਭਾਰਤ ਸ੍ਰੇਸ਼ਠ ਭਾਰਤ ਆਦਿ ਪ੍ਰੋਗਰਾਮ ਉਲੀਕੇ ਜਾਣਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਨਰ ਸੇਵਾ ਨਰਾਇਣ ਸੇਵਾ’ ਸਭ ਤੋਂ ਉੱਤਮ ਹੈ ਅਤੇ ਖੂਨਦਾਨ ਤੋਂ ਵੱਡਾ ਦਾਨ ਦੁਨੀਆਂ ਵਿੱਚ ਕੋਈ ਨਹੀਂ ਹੈ। ਕਿਸੇ ਵੀ ਵਿਅਕਤੀ ਵੱਲੋਂ ਦਾਨ ਕੀਤੇ ਖੂਨ ਦੀ ਇੱਕ ਇੱਕ ਬੂੰਦ ਕਿਸੇ ਲੋੜਵੰਦ ਦੀ ਜਾਨ ਬਚਾ ਸਕਦੀ ਹੈ। ਅਜਿਹੇ ਖੂਨਦਾਨ ਕੈਂਪਾਂ ਦਾ ਆਯੋਜਨ ਕਰਕੇ ਸਮਾਜ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਸਹੀ ਸੇਧ ਮਿਲਦੀ ਹੈ। ਸ਼ਰਮਾ ਨੇ ਸਾਰਿਆਂ ਨੂੰ ਖੂਨ ਦੀ ਸਪਲਾਈ ਲਈ ਖੂਨਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਨਾਲ ਲੋੜਵੰਦਾਂ ਦੀ ਮਦਦ ਹੋਵੇਗੀ।