ਪ੍ਰਧਾਨ ਰਮੇਸ਼ ਕੁਮਾਰ,ਜ. ਸਕੱਤਰ ਆਸ਼ੂ ਨਾਹਰ ਨੇ 11 ਮੰਗਾ ਦਾ ਦਿੱਤਾ ਮੰਗ ਪੱਤਰ
________
ਸੁਖਾਵੇਂ ਅਤੇ ਵਧੀਆ ਮਾਹੌਲ ਵਿੱਚ ਹੋਈ ਕੈਬਨਿਟ ਮੰਤਰੀ ਨਾਲ ਬੈਠਕ-ਆਸ਼ੂ ਨਾਹਰ
______
ਅੰਮ੍ਰਿਤਸਰ,27 ਜੁਲਾਈ (ਪਵਿੱਤਰ ਜੋਤ)- ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਿਲਾਂ ਵਿੱਚ ਕੰਮ ਕਰ ਰਹੇ ਸਫਾਈ ਅਤੇ ਸੀਵਰੇਜ ਕਰਮਚਾਰੀਆਂ ਦੀ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਇੱਕ ਵਫਦ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਮਿਲਿਆ। ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਸੀਵਰੇਜ ਇੰਪਲਾਈਜ਼ ਯੂਨੀਅਨ ਅਤੇ ਪੰਜਾਬ ਸਫ਼ਾਈ ਕਰਮਚਾਰੀ ਯੂਨੀਅਨ ਪੰਜਾਬ (ਏਟਕ) ਦੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ਅਹੁਦੇਦਾਰਾਂ ਨੇ ਸਥਾਨਕ ਸਰਕਾਰਾਂ ਮੰਤਰੀ ਨੂੰ 11 ਮੰਗਾ ਦਾ ਮੰਗ ਪੱਤਰ ਦਿੰਦੀਆਂ ਮੁਲਾਜਮਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਅਹੁਦੇਦਾਰਾਂ ਨਾਲ ਕੀਤੀ ਬੈਠਕ ਤੋਂ ਬਾਅਦ ਅਧਿਕਾਰੀਆਂ ਦੇ ਨਾਲ਼ ਬੈਠਕ ਕਰਕੇ ਮੁਸ਼ਕਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਅਤੇ ਜਨਰਲ ਸਕੱਤਰ ਆਸ਼ੂ ਨਾਹਰ ਨੇ ਦੱਸਿਆ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਮਾਰ ਝੇਲ ਰਹੇ ਨੌਜਵਾਨ ਨੂੰ ਨਵੀਂ ਭਰਤੀ ਤਹਿਤ ਸਰਕਾਰੀ ਨੌਕਰੀਆਂ ਤੇ ਤੈਨਾਤ ਕੀਤਾ ਜਾਵੇ। ਪਿਛਲੇ ਕਈ ਸਾਲਾਂ ਤੋਂ ਗੰਦਗੀ ਵਿੱਚ ਰਹਿ ਕੇ ਕੱਚੇ ਤੌਰ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ। ਪੱਕੇ ਤੌਰ ਤੇ ਕੰਮ ਮੁਲਾਜ਼ਮਾਂ ਨੂੰ ਸਾਲ 2004 ਤੋਂ ਬਾਅਦ ਪੁਰਾਣੀ ਪੈਨਸ਼ਨ ਬਹਾਲ ਕਰਵਾਈ ਜਾਵੇ,ਤਰਸ ਦੇ ਅਧਾਰ ਤੇ ਵਾਰਸਾਂ ਨੂੰ ਬੇਸ਼ਰਤ ਨੌਕਰੀਆਂ ਦਿੱਤੀਆਂ ਜਾਣ,ਸੀਵਰੇਜ ਕਰਮਚਾਰੀਆਂ ਨੂੰ ਟੈਕਨੀਕਲ ਸਕੇਲ ਦਿੱਤਾ ਜਾਵੇ,ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਣਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ,ਮੁਲਾਜ਼ਮਾਂ ਤੇ 200 ਰੁਪਏ ਦਾ ਲਗਾਇਆ ਪ੍ਫੈਸ਼ਨਲ ਟੈਕਸ ਬੰਦ ਕੀਤਾ ਜਾਵੇ। ਆਸ਼ੂ ਨਾਹਰ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਗੁਰੂ ਨਗਰੀ ਦੇ ਵਸਨੀਕ ਹਨ। ਉਹ ਗੁਰੂ ਨਗਰੀ ਵਿਖੇ ਕੰਮ ਕਰ ਰਹੇ ਸਫਾਈ ਤੇ ਸੀਵਰੇਜ ਕਰਮਚਾਰੀਆਂ ਦੀਆਂ ਮੁਸ਼ਕਲਾਂ ਤੋਂ ਪਹਿਲਾਂ ਹੀ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਾਲ-ਨਾਲ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਕਰਮਚਾਰੀਆਂ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਉਣ ਲਈ ਅਹਿਮ ਯੋਗਦਾਨ ਅਦਾ ਕਰਨਾ ਚਾਹੀਦਾ ਹੈ। ਪੰਜਾਬ ਦੇ ਕਰਮਚਾਰੀਆਂ ਨੂੰ ਉਹਨਾਂ ਉਪਰ ਕਾਫੀ ਜਿਆਦਾ ਉਮੀਦਾਂ ਹਨ। ਨਾਹਰ ਨੇ ਕਿਹਾ ਕਿ ਸੀਵਰੇਜ ਅਤੇ ਸਫ਼ਾਈ ਕਰਮਚਾਰੀ ਖੁਦ ਗੰਦਗੀ ਦੇ ਵਿਚ ਰਹਿ ਕੇ ਪੰਜਾਬ ਨੂੰ ਖੂਬਸੂਰਤ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਮੁਲਾਜਮ ਸਰਕਾਰ ਦੀਆਂ ਉਮੀਦਾਂ ਤੇ ਖਰਾ ਉਤਰਨਗੇ। ਜਿਸ ਤੇ ਚਲਦਿਆਂ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਬਿਨਾਂ ਸ਼ਰਤ ਤੇ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਨਾਲ ਕਾਫੀ ਸੁਖਾਵੇਂ ਮਾਹੌਲ ਦੇ ਵਿਚ ਬੈਠਕ ਹੋਈ ਹੈ ਜਿਥੇ ਉਨ੍ਹਾਂ ਨੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਆਰਾਮ ਨਾਲ ਸੁਣਿਆ ਅਤੇ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ।
ਇਸ ਮੌਕੇ ਤੇ ਸੀਵਰੇਜਮੈਨ ਯੂਨੀਅਨ ਦੇ ਪ੍ਰਧਾਨ ਵਿਜੇ ਕਾਮਰੇਡ, ਚੇਅਰਮੈਨ ਧਰਮਵੀਰ ਸੇਠੀ, ਸਰਪ੍ਰਸਤ ਦੁਲ੍ਹੀਆਂ ਰਾਮ, ਸੀਨੀਅਰ ਮੀਤ ਪ੍ਰਧਾਨ ਸੰਦੀਪ ਬਾਲੀ,ਦੀਪਕ ਗਿੱਲ ਸਮੇਤ ਹੋਰ ਕਈ ਅਹੁਦੇਦਾਰ ਮੌਜੂਦ ਸਨ।