ਕੇਰਲ ਵਿਖੇ ਸੰਘ ਦੇ ਦਫ਼ਤਰ ’ਤੇ ਕੀਤੇ ਗਏ ਬੰਬ ਧਮਾਕੇ ਦੀ ਭਾਜਪਾ ਆਗੂਆਂ ਸਖ਼ਤ ਨਿਖੇਧੀ

0
44

ਮੁੱਖ ਮੰਤਰੀ ਪਿਨਾਰਾਈ ਵਿਜਯਨ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਖ਼ਤ ਕਾਰਵਾਈ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ 13 ਜੁਲਾਈ (ਪਵਿੱਤਰ ਜੋਤ) :  ਕੇਰਲ ਦੇ ਪਯਾਨੂਰ ‘ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦਫ਼ਤਰ ’ਰਾਸ਼ਟਰੀ ਭਵਨ’ ‘ਤੇ ਕੀਤੇ ਗਏ ਬੰਬ ਧਮਾਕੇ ਨੂੰ ਸ਼ਾਂਤੀ ਭੰਗ ਕਰ ਕੇ ਅਮਨ ਪਸੰਦ ਲੋਕਾਂ ’ਚ ਡਰ ਪੈਦਾ ਕਰਨ ਦੀ ਕਾਇਰਾਨਾ ਹਰਕਤ ਗਰਦਾਨਦਿਆਂ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ, ਭਾਜਪਾ ਬੁਲਾਰੇ ਕੁਲਦੀਪ ਸਿੰਘ ਕਾਹਲੋਂ, ਜ਼ਿਲ੍ਹਾ ਜਨਰਲ ਸਕੱਤਰ ਅਰਵਿੰਦ ਸ਼ਰਮਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਭਾਜਪਾ ਆਗੂਆਂ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਇਸ ਹਮਲੇ ਪਿੱਛੇ ਕਮਿਊਨਿਸਟ ਪਾਰਟੀ ਦੇ ਆਗੂ ਧਨਰਾਜ ਵੱਲੋਂ ਸ਼ਹੀਦੀ ਫ਼ੰਡ ਵਿਚੋਂ 40 ਲੱਖ ਤੋਂ ਵੱਧ ਕੀਤੇ ਗਏ ਗ਼ਬਨ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਸਾਜ਼ਿਸ਼ ਹੋਣ ਬਾਰੇ ਭਾਜਪਾ ਅਤੇ ਸੰਘ ਦੇ ਸਥਾਨਕ ਆਗੂਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਤਹਿ ਤਕ ਜਾਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿੱਤ ਸ਼ਾਹ ਜੀ ਨੂੰ ਵੀ ਪੱਤਰ ਲਿਖਣਗੇ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅੱਗੇ ਕਿਹਾ ਕਿ ਇਹ ਹਮਲਾ ਕਮਿਊਨਿਸਟ ਪਾਰਟੀ ਦੇ ਗੁੱਡਿਆਂ ਵੱਲੋਂ 10 ਸਾਲ ਪਹਿਲਾਂ ਕਤਲ ਕੀਤੇ ਗਏ ਸੰਘ ਦੇ ਇਕ ਵਰਕਰ ਦੀ ਯਾਦ ’ਚ ਕੱਢੇ ਜਾ ਰਹੇ ’ਬਲੀਦਾਨ ਦਿਵਸ ਯਾਤਰਾ’ ਅਤੇ ਸੰਘ ਵੱਲੋਂ ਅਗਲੇ ਦੋ ਸਾਲਾਂ ਵਿੱਚ ਸੰਘ ਸ਼ਾਖਾਵਾਂ ਨੂੰ ਦੇਸ਼ ਭਰ ਵਿੱਚ ਇੱਕ ਲੱਖ ਥਾਵਾਂ ’ਤੇ ਲਿਜਾਣ ਦੇ ਟੀਚੇ ਨੂੰ ਪ੍ਰਭਾਵਿਤ ਕਰਨ ਦੀ ਨਾਕਾਮ ਕੋਸ਼ਿਸ਼ ਦਾ ਹਿੱਸਾ ਹੈ। ਭਾਜਪਾ ਆਗੂ ਨੇ ਸੰਘ ਵੱਲੋਂ ਸਮਾਜਿਕ ਜਾਗ੍ਰਿਤੀ ਦੇ ਨਾਲ ਸਮਾਜ ਵਿੱਚ ਸਕਾਰਾਤਮਿਕ ਮਾਹੌਲ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸੰਘ ਦੇ ਵਲੰਟੀਅਰ ਸਮਾਜਿਕ ਸੰਸਥਾਵਾਂ, ਮਠਾਂ, ਸੰਤਾਂ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਕਾਰਜਾਂ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਸੰਘ ਵੱਲੋਂ ‘ਸਵਾਲੰਬੀ ਭਾਰਤ ਅਭਿਆਨ’ ਤਹਿਤ 22 ਸੰਸਥਾਵਾਂ ਵੱਲੋਂ 4000 ਤੋਂ ਵੱਧ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੀ ਸਿਖਲਾਈ ਦੇਣ ਨੂੰ ਸਰਾਹਿਆ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪ੍ਰਭਾਵਿਤ ਹੋਈ ਸ਼ਾਖਾ ਦਾ ਕੰਮ ਮੁੜ ਸ਼ੁਰੂ ਹੋਣ ਨਾਲ ਸੰਘ ਦਾ ਕੰਮ ਫਿਰ ਤੋਂ ਗਤੀ ਫੜਨਾ ਅਤੇ ਇਸ ਸਮੇਂ 50 ਹਜ਼ਾਰ ਤੋਂ ਵੱਧ ਸ਼ਾਖਾਵਾਂ ਸਮਾਜ ਦੇ ਸਹਿਯੋਗ ਨਾਲ ਸਮਾਜਿਕ ਕੰਮਾਂ ਵਿੱਚ ਸਰਗਰਮ ਹੋਣਾ ਸੰਘ ਅਤੇ ਸਭ ਲਈ ਫ਼ਖਰ ਦੀ ਗਲ ਹੈ। ਉਨ੍ਹਾਂ 2025 ਵਿੱਚ ਸੰਘ ਦੇ ਸੌ ਸਾਲ ਪੂਰੇ ਹੋਣ ’ਤੇ ਸੰਘ ਦੀ ਸ਼ਤਾਬਦੀ ਵਰ੍ਹੇ ਲਈ ਸੰਘ ਵੱਲੋਂ 2024 ਤੱਕ ਦੇਸ਼ ਭਰ ਵਿੱਚ ਇੱਕ ਲੱਖ ਥਾਵਾਂ ‘ਤੇ ਸ਼ਾਖਾਵਾਂ ਲਿਜਾਣ ਅਤੇ ਸੰਘ ਦੇ ਕੰਮਾਂ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਉਣ ਪ੍ਰਤੀ ਰਾਜਸਥਾਨ ਦੇ ਝੁੰਝੁਨੂ ਵਿਖੇ ਸੰਘ ਦੀ ਅਖਿਲ ਭਾਰਤੀ ਸੂਬਾ ਪ੍ਰਚਾਰਕ ਦੀ ਮੀਟਿੰਗ ਦੌਰਾਨ ਉਲੀਕੇ ਗਏ ਪ੍ਰੋਗਰਾਮਾਂ ਦਾ ਜ਼ੋਰਦਾਰ ਸਵਾਗਤ ਕੀਤਾ ਹੈ।

NO COMMENTS

LEAVE A REPLY