ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਕੇਸ ਦਰਜ ਕਰਨਾ ਨਾਕਾਬਲੇ ਬਰਦਾਸ਼ਤ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

0
111

ਬਿਨਾ ਵਜਾ ਹਰ ਮਾਮਲੇ ਨੂੰ ਫ਼ਿਰਕੂ ਰੰਗਤ ਨਾ ਦੇਵੇ ਅਤੇ ਸ: ਟਿੱਮਾ ਤੇ ਹੋਰਨਾਂ ’ਤੇ ਦਰਜ ਕੇਸ ਤੁਰੰਤ ਖ਼ਾਰਜ ਕਰਾਵੇ ਰਾਜਸਥਾਨ ਸਰਕਾਰ।
ਅੰਮ੍ਰਿਤਸਰ 14 ਮਈ ( ਪਵਿੱਤਰ ਜੋਤ   ):  ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਰਾਜਸਥਾਨ ਦੇ ਗੰਗਾਨਗਰ ਵਿਖੇ ਨਗਰ ਕੀਰਤਨ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਸਿੱਖਾਂ ’ਤੇ ਕੇਸ ਦਰਜ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਤੁਰੰਤ ਖ਼ਾਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਿੱਖ ਸੰਗਤਾਂ ’ਚ ਫੈਲ ਰਹੇ ਰੋਸ ਬਾਰੇ ਗਲ ਕਰਦਿਆਂ ਕਿਹਾ ਕਿ ਸਰਕਾਰਾਂ ਅਤੇ ਪੁਲੀਸ ਫੇਸ ਨੂੰ ਬਿਨਾ ਕਿਸੇ ਗੱਲੋਂ ਸਿੱਖ ਨੁਮਾਇੰਦਿਆਂ ’ਤੇ ਕੇਸ ਦਰਜ ਕਰਨ ਤੋਂ ਪਹਿਲਾਂ ਮਾਮਲੇ ਦੇ ਤਹਿ ਤਕ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਸਿੱਖਾਂ ਤੇ ਸਿੱਖ ਸੰਸਥਾਵਾਂ ਉੱਤੇ ਲਗਾਤਾਰ ਨਾਜਾਇਜ਼ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਇੱਥੋਂ ਤਕ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੋਰਟ ਵਿੱਚ ਪੇਸ਼ ਹੋਣ ਵਾਸਤੇ ਵੀ ਕਿਹਾ ਜਾਣਾ ਕਿਸੇ ਤਰਾਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਕੁਝ ਜ਼ਿਲ੍ਹਾ ਗੰਗਾਨਗਰ ਦੇ ਗਿਆਰਾਂ ਜੀ ਦੇ ਵਾਸੀ ਗੁਰਸਾਹਿਬ ਸਿੰਘ ਹੈਪੀ ਨਾਮੀ ਸ਼ਰਾਰਤੀ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਲਈ ਸ਼ਰਾਰਤ ਕਰ ਰਹੇ ਹਨ, ਜਿਸ ਪ੍ਰਤੀ ਗੰਗਾਨਗਰ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਰਾਜ ਦੇ ਹਾਲਾਤ ਖ਼ਰਾਬ ਹੋ ਸਕਦੇ ਹਨ। ਇਸ ਵਿਅਕਤੀ ਵੱਲੋਂ ਘਰ ’ਚ ਬਣੇ ਪੀਰਖਾਨਾ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ ਕਰਨ ਵਰਗਾ ਗੁਰ ਮਰਿਆਦਾ ਦੇ ਉਲਟ ਕਾਰਾ ਪਹਿਲਾਂ ਹੀ ਸਾਹਮਣੇ ਆ ਚੁੱਕਿਆ ਹੈ। ਹੁਣ ਉਸ ਦੀ ਅਖੌਤੀ ਸੰਸਥਾ ਵੱਲੋਂ ਇਕ ਨਗਰ ਕੀਰਤਨ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਲੱਗੀ ਤਸਵੀਰ ਨੂੰ ਲੈ ਕੇ ਸ: ਤੇਜਿੰਦਰਪਾਲ ਸਿੰਘ ਟਿੱਮਾ ਸਮੇਤ ਕਈਆਂ ’ਤੇ ਕੇਸ ਕਰ ਦਿੱਤੇ ਜਾਣ ਨਾਲ ਸਿੱਖ ਭਾਈਚਾਰੇ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸੰਤ ਜਰਨੈਲ ਸਿੰਘ ਖ਼ਾਲਸਾ ਨੂੰ ਆਪਣਾ ਆਦਰਸ਼ ਮੰਨਦੀ ਹੈ। ਜਿਨ੍ਹਾਂ ਖ਼ਿਲਾਫ਼ ਕੋਈ ਵੀ ਕੇਸ ਦਰਜ ਨਾ ਹੋਣ ਬਾਰੇ ਸਬੂਤਾਂ ਸਹਿਤ ਕਈ ਵਾਰ ਖ਼ੁਲਾਸਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਪ੍ਰਸ਼ਾਸਨ ਨੇ ਨਾ ਸਮਝਿਆ ਤਾਂ ਹਾਲਾਤ ਖ਼ਰਾਬ ਹੋ ਸਕਦੇ ਹਨ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਘਟਨਾ ਲਈ ਬਿਨਾ ਵਜਾ ਸਿੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣਾ, ਸਿੱਖਾਂ ਪ੍ਰਤੀ ਸ਼ੱਕ ਅਤੇ ਨਫ਼ਰਤ ਦੀ ਭਾਵਨਾ ਨੂੰ ਪੈਦਾ ਕਰਨਾ ਸਿੱਖਾਂ ‘ਚ ਅਲਹਿਦਗੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਕਾਰਨ ਬਣੇਗਾ।  ਕਿਸੇ ਵੀ ਮਾਮਲੇ ਨੂੰ ਫ਼ਿਰਕੂ ਰੰਗਤ ਦੇਣਾ ਦੇਸ਼ ਦੇ ਹਿਤ ‘ਚ ਵੀ ਨਹੀਂ ਹੋਵੇਗਾ। ਉਨ੍ਹਾਂ ਰਾਜਸਥਾਨ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਖੌਫ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨ ਅਤੇ ਨਫ਼ਰਤ ਫੈਲਾਉਣ ’ਚ ਲੱਗੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਨੱਥ ਪਾਉਣ ਲਈ ਕਿਹਾ ਹੈ।

NO COMMENTS

LEAVE A REPLY