ਫਾਰਮੇਸੀ ਅਫਸਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਮੰਗ ਪੱਤਰ ਸੌਂਪਿਆ

0
39

ਅੰਮ੍ਰਿਤਸਰ 9 ਮਈ (ਪਵਿੱਤਰ ਜੋਤ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਅੱਜ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਦੀ ਅਗਵਾਈ ਹੇਠ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਡਾਇਰੈਕਟਰ/ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਨਾਲ ਮੁਲਾਕਾਤ ਕਰਕੇ ਫਾਰਮੇਸੀ ਅਫਸਰਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਮੰਗ ਪੱਤਰ ਸੌਂਪਿਆ ਤੇ ਵਿਚਾਰ ਵਟਾਂਦਰਾ ਵੀ ਕੀਤਾ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਅਸ਼ੋਕ ਕੁਮਾਰ ਸ਼ਰਮਾ, ਮੁੱਖ ਸਲਾਹਕਾਰ ਪਲਵਿੰਦਰ ਸਿੰਘ ਧੰਮੂ, ਕਾਰਜਕਾਰਨੀ ਮੈਂਬਰ ਗੌਰਵ ਅਗਰਵਾਲ ਆਦਿ ਵੀ ਮੌਜੂਦ ਸਨ ਤੇ ਵਿਸ਼ੇਸ਼ ਤੌਰ ਤੇ ਵਾਈਸ ਪ੍ਰਿੰਸੀਪਲ ਡਾਕਟਰ ਜਗਦੇਵ ਸਿੰਘ ਕੁਲਾਰ ਵੀ ਮੌਜੂਦ ਰਹੇ। ਗੱਲਬਾਤ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਪੁਨਰਗਠਨ ਸਮੇਂ ਦੋਹਾਂ ਵਿਭਾਗਾਂ ਦਾ ਕੇਡਰ ਵੱਖ ਵੱਖ ਕਰਨ ਦੇ ਫੈਸਲੇ ਨਾਲ ਫਾਰਮੇਸੀ ਅਫਸਰਾਂ ਅਤੇ ਹੋਰ ਵਰਗਾਂ ਦੀਆਂ ਪੋਸਟਾਂ ਨੂੰ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਉਚੇਚੇ ਯਤਨ ਕਰਕੇ ਜਿੱਥੇ ਪੋਸਟਾਂ ਨੂੰ ਬਹਾਲ ਕਰਵਾਉਣ ਦੀ ਮੰਗ ਕੀਤੀ ਓਥੇ ਪਹਿਲਾਂ ਵਾਲੀ ਸਥਿਤੀ ਬਰਕਰਾਰ ਰੱਖਣ ਲਈ ਵੀ ਕਿਹਾ ਗਿਆ। ਡਾਇਰੈਕਟਰ/ਪ੍ਰਿੰਸੀਪਲ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਇਸ ਮੰਗ ਪੱਤਰ ਨੂੰ ਜਿੱਥੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਕਾਰਵਾਈ ਲਈ ਕਹਿਣਗੇ ਓਥੇ ਆਪਣੇ ਤੌਰ ਤੇ ਵੀ ਵਿਸ਼ੇਸ਼ ਕੋਸ਼ਿਸ਼ ਕਰਨਗੇ। ਜਥੇਬੰਦੀ ਦੇ ਆਗੂਆਂ ਵੱਲੋਂ ਇਹ ਵੀ ਰੋਸ ਪ੍ਰਗਟਾਇਆ ਗਿਆ ਕਿ ਪਿਛਲੇ ਸਮੇਂ ਵਿੱਚ ਇੱਕ ਵਾਰ ਫਾਰਮੇਸੀ ਅਫਸਰਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਦੇ ਕੇ ਫਿਰ ਵਾਪਸ ਲੈਣਾ ਵੀ ਇਸ ਵਰਗ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ, ਉਹਨਾਂ ਦੱਸਿਆ ਕਿ ਫਾਰਮੇਸੀ ਅਫਸਰਾਂ ਦੇ ਕੰਮ ਵਿੱਚ ਅਥਾਹ ਵਾਧਾ ਹੋਇਆ ਹੈ ਪਰ ਕਰਮਚਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਮੌਜੂਦਾ ਫਾਰਮੇਸੀ ਅਫਸਰਾਂ ਤੇ ਕੰਮ ਦਾ ਬੋਝ ਬਹੁਤ ਵਧ ਗਿਆ ਹੈ।

NO COMMENTS

LEAVE A REPLY