ਅਸ਼ਵਨੀ ਸ਼ਰਮਾ ਨੇ ਬਟਾਲਾ ਵਿੱਚ ਹੋਏ ਕਤਲ ਨੂੰ ਮੰਦਭਾਗਾ ਕਰਾਰ ਦਿੰਦਿਆਂ ਮ੍ਰਿਤਕ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ
ਚੰਡੀਗੜ/ਅੰਮ੍ਰਿਤਸਰ, 29 ਨਵੰਬਰ ( ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਣਪਛਾਤੇ ਅਪਰਾਧੀਆਂ ਵੱਲੋਂ ਅਕਾਲੀ ਆਗੂ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਅਤੇ ਸੂਬੇ ਦੀ ਬਦਤਰ ਕਾਨੂੰਨ-ਵਿਵਸਥਾ ‘ਤੇ ਸਵਾਲ ਚੁਕਦੀਆਂ ਇਸ ਨੂੰ ਇਸ ਕਤਲ ਨੂੰ ਬੜਾ ਮੰਦਭਾਗਾ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਦੱਸਦਿਆਂ ਇਸ ਕਤਲ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਸ਼ਵਨੀ ਸ਼ਰਮਾ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰੋਜ਼ਾਨਾ ਹੀ ਢੀਂਢੋਰਾ ਪਿੱਟਦੀ ਹੈ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਕਾਇਮ ਹੈ। ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੋ ਰਹੀ ਹੈ। ਪਰ ਅਸਲੀਅਤ ਇਹ ਹੈ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਸਰਕਾਰ ਸਿਰਫ਼ ਢੀਂਢੋਰਾ ਪਿੱਟਣ ਵਾਲੀ ਸਰਕਾਰ ਹੈ ਅਤੇ ਪੰਜਾਬੀਆਂ ਦਾ ਖੂਨ ਨਿੱਤ ਦਿਨ ਵਹਿ ਰਿਹਾ ਹੈ। ਸ਼ਰਮਾ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਵਿੱਚ ਹੋਏ ਅਕਾਲੀ ਆਗੂ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੁੱਤੀ ਪਈ ਹੈ। ਇਕੱਲੇ ਬਿਆਨ ਸੁਰੱਖਿਆ ਪ੍ਰਦਾਨ ਨਹੀਂ ਕਰ ਸੱਕਦੇ। ਘਟਨਾ ਤੋਂ ਬਾਅਦ ਸਾਰੀ ਪੁਲਿਸ ਸਰਗਰਮ ਹੋ ਗਈ ਹੈ ਅਤੇ ਕਿਸੇ ਨੂੰ ਵੀ ਸੂਬੇ ਦੀ ਕਾਨੂੰਨ ਵਿਵਸਥਾ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਸਰਕਾਰ ਅਤੇ ਭਗਵੰਤ ਮਾਨ ਦੀਆਂ ਇਹ ਗੱਲਾਂ ਸਿਰਫ਼ ਕਹਿਣ ਤੱਕ ਹੀ ਸੀਮਤ ਰਹਿੰਦੀਆਂ ਹਨ ਅਤੇ ਮੁੜ ਅਪਰਾਧੀ ਕਿਤੇ ਹੋਰ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਪੰਜਾਬ ਸਰਕਾਰ ਸੱਤਾ ਦੇ ਨਸ਼ੇ ਵਿੱਚ ਡੁੱਬੀ ਹੋਈ ਹੈ। ਭਗਵੰਤ ਮਾਨ ਸਰਕਾਰ ਹੰਕਾਰ ਨਾਲ ਭਰੀ ਸਰਕਾਰ ਹੈ। ਭਗਵੰਤ ਮਾਨ ਨੂੰ ਸਭ ਕੁਝ ਹਰਾ-ਹਰਾ ਨਜ਼ਰ ਆ ਰਿਹਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਇੱਕ ਵੀ ਦਿਨ ਅਜਿਹਾ ਨਹੀਂ ਗਿਆ ਜਦੋਂ ਸੂਬੇ ਵਿੱਚ ਕਿਸੇ ਦਾ ਕਤਲ, ਲੁੱਟ-ਖੋਹ ਨਾ ਹੋਈ ਹੋਵੇ। ਹੁਣ ਹਾਲਾਤ ਇਹ ਹਨ ਕਿ ਬੇਖੌਫ ਅਪਰਾਧੀ ਪੁਲਿਸ ਦੀ ਨੱਕ ਹੇਠ ਦਿਨ-ਦਿਹਾੜੇ ਪੁਲਿਸ ਥਾਣਿਆਂ ਦੇ ਆਸ-ਪਾਸ ਬੈਂਕਾਂ ਅਤੇ ਹੋਰ ਕਾਰੋਬਾਰੀਆਂ ਨੂੰ ਲੁੱਟਣ ਲੱਗ ਪਏ ਹਨ ਅਤੇ ਪੁਲਿਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਪਰ ਭਗਵੰਤ ਮਾਨ ਸਰਕਾਰ ਸੂਬੇ ਦੀ ਕਾਨੂੰਨ-ਵਿਵਸਥਾ ਦੀ ਦੁਹਾਈ ਦਿੰਦੀ ਨਹੀਂ ਥੱਕਦੀ।