ਅੰਮ੍ਰਿਤਸਰ 20 ਮਾਰਚ (ਪਵਿੱਤਰ ਜੋਤ ): ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਤੋਂ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਹਰਾ ਕੇ ਜੇਤੂ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਨੂੰ “ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਵਲੋਂ ਸਨਮਾਨਿਤ ਕੀਤਾ ਅਤੇ ਜੇਤੂ ਰਹਿਣ ਦੀ ਵਧਾਈ ਦਿੱਤੀ । ਇਸ ਮੌਕੇ ਜੀਵਨਜੋਤ ਕੌਰ ਨੇ ਸਾਰੇ ਵੋਟਰਾਂ, ਸਪੋਰਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਅੰਮ੍ਰਿਤਸਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਂਦੇ ਹੋਏ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੋਚ ‘ਤੇ ਪਹਿਰਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਦੀ ਉਡੀਕ ਕਰਦੇ ਪੰਜਾਬ ਦੇ ਲੋਕਾਂ ਨੇ ਇਕ ਨਵੇਂ ਬਦਲ ਦਾ ਫਤਵਾ ਦਿੱਤਾ ਹੈ । ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵਿਚ ਅਪਣਾ ਵਿਸ਼ਵਾਸ ਦਿਖਾਇਆ ਤੇ ਮਿਹਨਤੀ ਤੇ ਅਣਥੱਕ ਵਰਕਰਾਂ ਦੀ ਮਿਹਨਤ ਰੰਗ ਲਿਆਈ ਹੈ । ਜੀਵਨਜੋਤ ਕੌਰ ਨੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਲਕੇ ਦੀ ਜਨਤਾ ਨੂੰ ਆਪਣਾ ਪਰਿਵਾਰ ਹੀ ਮੰਨਦੇ ਹਨ ਅਤੇ ਪਰਿਵਾਰ ਵੱਲੋਂ ਮਿਲੇ ਅਥਾਹ ਪਿਆਰ ਸਤਿਕਾਰ ਲਈ ਉਹ ਹਮੇਸ਼ਾਂ ਰਿਣੀ ਰਹਿਣਗੇ । ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਜਨਤਾ ਨੇ ਸਹੀ ਫੈਸਲਾ ਲਿਆ ਹੈ।ਉਨ੍ਹਾਂ ਕਿਹਾ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਿਚ ਹਰ ਸਹੂਲਤ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ “ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਮਹਿਲਾਵਾਂ ਦੇ ਮੁੱਦਿਆਂ ਨੂੰ ਨਵੀਂ ਸਰਕਾਰ ਦੇ ਸਾਹਮਣੇ ਲਿਆ ਕੇ ਮਹਿਲਾਵਾਂ ਨੂੰ ਵੱਧ ਤੋਂ ਵੱਧ ਅਧਿਕਾਰ ਤੇ ਸਹੂਲਤਾਂ ਦਿਵਾਈਆਂ ਜਾਣ । ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਵਧਾਈ ਦਿੰਦੇ ਹਨ । ਉਹ ਲੋਕ ਸੇਵਕ ਬਣ ਕੇ ਲੋਕਾਂ ਦੀ ਸੇਵਾ ਕਰਨਗੇ । ਇਸ ਮੌਕੇ ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਬੌਬੀ ਬਾਵਾ ਸੋਸ਼ਲ ਮੀਡੀਆ ਕੋਡੀਨੇਟਰ ਹਲਕਾ ਪੂਰਬੀ ਅਤੇ ਲਵਪ੍ਰੀਤ ਸਿੰਘ ਮੱਟੂ
ਆਦਿ ਹਾਜ਼ਰ ਸਨ ।