ਅੰਮ੍ਰਿਤਸਰ 19 ਮਾਰਚ (ਰਾਜਿੰਦਰ ਧਾਨਿਕ) : ’ਦਿ ਕਸ਼ਮੀਰ ਫਾਈਲਜ਼’ ਦੇ ਮਾਧਿਅਮ ਨਾਲ ਉਹ ਸੱਚ ਉਹ ਪੀੜਾ ਪਹਿਲੀ ਵਾਰ ਵੱਡੇ ਪਰਦੇ ’ਤੇ ਸਾਹਮਣੇ ਆਇਆ ਜਿਸ ਨੂੰ ਕਸ਼ਮੀਰੀ ਪੰਡਿਤਾਂ ਨੇ 1990 ਦੇ ਦਹਾਕੇ ਦੌਰਾਨ ਝੱਲਿਆ ਸੀ। ਇਹ ਸ਼ਬਦ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦਸਦਿਆਂ ਕਿਹਾ ਕਿ ਬੇਸ਼ੱਕ ਇਸ ਫ਼ਿਲਮ ਦੀ ਅਲੋਚਨਾ ਲਈ ਉਨ੍ਹਾਂ ਸਿਆਸੀ ਪਰਿਵਾਰਾਂ ਦੇ ਲੋਕ ਅੱਗੇ ਆਏ, ਬਲਕਿ ਕੱਪੜਿਆਂ ਤੋਂ ਬਾਹਰ ਹੋਏ ਦਿਖੇ ਹਨ ਜਿਨ੍ਹਾਂ ਦੇ ਬਜ਼ੁਰਗਾਂ ਵੱਲੋਂ ਅਜ਼ਾਦੀ ਉਪਰੰਤ ਦੇਸ਼ ਦੀ ਵਾਗਡੋਰ ਸੰਭਾਲਦਿਆਂ ਕਸ਼ਮੀਰ ਪ੍ਰਤੀ ਲਏ ਗਏ ਗ਼ਲਤ ਫ਼ੈਸਲਿਆਂ ਨੇ ਕਸ਼ਮੀਰ ਘਾਟੀ ’ਚ ਘੱਟਗਿਣਤੀ ਹਿੰਦੂ ਤੇ ਸਿੱਖ ਭਾਈਚਾਰਿਆਂ ਦੀ ਤ੍ਰਾਸਦੀ ਲਈ ਮਾਹੌਲ ਪਨਪਣ ਦਾ ਮੌਕਾ ਦਿੱਤਾ। ਸਵਾਰਥੀ ਰਾਜਨੀਤੀ, ਸਟੇਟ ਦੀ ਲਾਚਾਰੀ ਅਤੇ ਘਟ ਗਿਣਤੀਆਂ ਪ੍ਰਤੀ ਸੁਰੱਖਿਆ ਗਰੰਟੀ ਦੀ ਅਣਹੋਂਦ ਕਾਰਨ ਮਨੁੱਖਤਾ ਅਤੇ ਸਭਿਅਤਾ ਦੇ ਘਾਣ ਦੀ ਉਹ ਦਾਸਤਾਨ ਲਿਖੀ ਗਈ ਜਿਸ ਪ੍ਰਤੀ ਕਸ਼ਮੀਰੀਆਂ ਨੇ ਕਦੀ ਸੁਪਨੇ ’ਚ ਵੀ ਨਹੀਂ ਸੋਚਿਆ ਹੋਵੇਗਾ। ਪਾਕਿਸਤਾਨ ਦੁਆਰਾ ਸੰਚਾਲਿਤ ਅਤਿਵਾਦੀ ਗਰੁੱਪਾਂ ਵੱਲੋਂ ’90 ਦੇ ਦਹਾਕੇ ’ਚ ਨਿਰਦੋਸ਼ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਤੋਂ ਖਦੇੜਣ ਲਈ ਜੋ ਅੱਤਿਆਚਾਰ ਕੀਤੇ ਗਏ ਉਸ ਦਰਦ ਬਾਰੇ ਕਲਪਨਾ ਕਰਦਿਆਂ ਵੀ ਰੂਹ ਕੰਬ ਉਠਦੀ ਹੈ। ਇਸ ਦੌਰ ’ਚ ਕਸ਼ਮੀਰੀ ਪੰਡਿਤਾਂ ਦੀਆਂ ਧੀਆਂ ਭੈਣਾਂ ਨੂੰ ਬੇਆਬਰੂ ਕਰਨ, ਸਮੂਹਿਕ ਕਤਲੇਆਮ, ਡੇਢ ਲੱਖ ਹਿੰਦੂਆਂ ਨੂੰ ਘਰ-ਬਾਰ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਕਰਨ ਪ੍ਰਤੀ ਕਾਲਜਾ ਮੂੰਹ ਨੂੰ ਆਉਂਦੀ ਤ੍ਰਾਸਦੀ ਦੀ ਅਤਿ ਸੰਵੇਦਨਸ਼ੀਲ ਮੁੱਦੇ ਨੂੰ ਪੂਰੀ ਖੋਜ ਤੋਂ ਬਾਅਦ ਵਿਵੇਕ ਅਗਨੀਹੋਤਰੀ ਵੱਲੋਂ ਕੀਤੀ ਗਈ ਦਲੇਰਾਨਾ ਪੇਸ਼ਕਾਰੀ ਨੇ ਵਿਸ਼ਵ ਦਾ ਧਿਆਨ ਆਪਣੇ ਵਲ ਖਿੱਚਿਆ ਹੈ, ਉੱਥੇ ਅਫ਼ਸੋਸ ਹੈ ਕਿ ਉਸ ਦੌਰ ’ਚ ਅੱਜ ਤੋਂ ਠੀਕ 22 ਸਾਲ ਪਹਿਲਾਂ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀ ਸਿੰਘਪੁਰਾ ਵਿਖੇ 35 ਸਿੱਖ ਨੌਜਵਾਨ ਅਤੇ ਬਜ਼ੁਰਗਾਂ ਦਾ ਬੇਰਹਿਮੀ ਨਾਲ ਕੀਤੇ ਗਏ ਰਹੱਸਮਈ ਨਰਸੰਹਾਰ ਦੀ ਵਾਰਤਾ ਮੀਡੀਆ ਤੋਂ ਅਲੋਪ ਹੁੰਦਾ ਜਾ ਰਿਹਾ ਹੈ।
ਪਿੰਡ ਚਿੱਟੀ ਸਿੰਘਪੁਰਾ, ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਮੱਟਨ ਤੋਂ ਕਰੀਬ 8 ਕਿੱਲੋਮੀਟਰ ਦੂਰ ਸਥਿਤ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਜਨ ਕਲਿਆਣ ਪ੍ਰਤੀ ਆਪਣੀ ਉਦਾਸੀ ਦੌਰਾਨ ਬ੍ਰਹਮ ਦਾਸ ਨੂੰ ਸਿੱਖੀ ਪ੍ਰਚਾਰ ਦਾ ਕੰਮ ਸੌਂਪਿਆ ਸੀ। ਪਿੰਡ ਚਿੱਟੀ ਸਿੰਘਪੁਰਾ ’ਚ ਅੱਜ 400 ਪਰਿਵਾਰ ਰਹਿ ਰਹੇ ਹਨ ਪਰ ਉਸ ਤ੍ਰਾਸਦੀ ਦੇ ਵਕਤ ਉੱਥੇ 250 ਦੇ ਕਰੀਬ ਪਰਿਵਾਰ ਸੀ। ਮਾਲ ਰਿਕਾਰਡ ’ਚ ਸਿੱਖ ਨਰਹ ਕਿਹਾ ਜਾਣ ਵਾਲਾ ਇਹ ਪਿੰਡ ਮੈਦਾਨੀ ਜ਼ਮੀਨ ਵਾਲਾ ਹੈ ਤੇ ਬਰਸਾਤ ਅਤੇ ਬਰਫ਼ਬਾਰੀ ਦੌਰਾਨ ਲੋਕ ਭਾਰੀ ਮੁਸ਼ਕਲ ਦਾ ਸਾਹਮਣਾ ਕਰਦੇ ਹਨ। ਦੋ ਹਿੱਸਿਆਂ ’ਚ ਵੰਡੇ ਹੋਏ ਇਸ ਪਿੰਡ ਨੂੰ ਇਕ ਪੁਲ ਆਪਸ ਵਿਚ ਜੋੜਦਾ ਹੈ। ਦੋਹਾਂ ਹਿੱਸਿਆਂ ’ਚ ਇਕ ਇਕ ਗੁਰਦੁਆਰਾ ਸਥਾਪਿਤ ਹੈ। ਇਸ ਦੇ ਵਾਸੀ ਖੇਤੀ ਕਰਨ ਵਾਲੇ ਛੋਟੇ ਕਿਸਾਨ ਹਨ। ਕੁਝ ਮਜ਼ਦੂਰੀ ਕਰਦੇ ਹਨ। ਜਾਣਕਾਰਾਂ ਦੇ ਕਹਿਣ ਅਨੁਸਾਰ ਇਨ੍ਹਾਂ ਨੂੰ ਡੋਗਰਿਆਂ ਵੱਲੋਂ ਸ਼ਹਿਰ ਤੋਂ ਦੂਰ ਵਸਾਇਆ ਗਿਆ ਸੀ ਤਾਂ ਜੋ ਇਹ ਲੋਕ ਡੋਗਰਾ ਸ਼ਾਸਕਾਂ ਦਾ ਤਖਤਾ ਪਲਟਣ ਲਈ ਤਾਕਤ ਪ੍ਰਾਪਤ ਨਾ ਕਰ ਸਕਣ। ਜੇ ਧਰਤੀ ਦਾ ਇਹ ਹਿੱਸਾ ਭਾਰਤ ਕੋਲ ਹੈ ਤਾਂ ਇਹ ਇਨ੍ਹਾਂ ਸਿੱਖਾਂ ਦੀ ਬਦੌਲਤ ਹੈ। ਹਜ਼ਾਰਾਂ ਸਿੱਖ ਇਸ ਮਕਸਦ ਲਈ ਜਾਨ ਗੁਆ ਚੁੱਕੇ ਹਨ।
ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਤੋਂ ਇਕ ਦਿਨ ਪਹਿਲਾਂ ਅੱਜ ਦੇ ਦਿਨ 20 ਮਾਰਚ 2000 ਨੂੰ ਸ਼ਾਮ 7: 30 ਤੋਂ 8 ਵਜੇ ਦੇ ਵਿਚਕਾਰ ਫ਼ੌਜੀ ਵਰਦੀਆਂ ’ਚ ਆਏ ਨਕਾਬਪੋਸ਼ ਬੰਦੂਕਧਾਰੀਆਂ ਦੇ ਦੋ ਗਰੁੱਪਾਂ ਨੇ ਪਿੰਡ ਚਿੱਟੀ ਸਿੰਘਪੁਰਾ ’ਚ ਪਹੁੰਚ ਕੇ ਉੱਥੇ ਹੋਲਾ ਮਹੱਲਾ ਤਿਉਹਾਰ ਮਨਾ ਰਹੇ ਸਿੱਖਾਂ ਨੂੰ ਫ਼ੌਜ ਵੱਲੋਂ ਸ਼ਿਕੰਜਾ ਕੱਸਣ ਦੇ ਬਹਾਨੇ, ਕਿ ਫ਼ੌਜੀ ਕਮਾਂਡਿੰਗ ਅਫ਼ਸਰ ਉਨ੍ਹਾਂ ਨੂੰ ਬੁਲਾ ਰਿਹਾ ਹੈ, ਦੋਵਾਂ ਗੁਰਦੁਆਰਿਆਂ ਦੇ ਸਾਹਮਣੇ 18 -18 ਬੰਦੇ ਇਕੱਠੇ ਕਰ ਲਏ ਗਏ। ਫਿਰ ਇਸ਼ਾਰਾ ਮਿਲਦਿਆਂ ਹੀ ਇੱਕੋ ਸਮੇਂ ਨਿਰਦੋਸ਼ ਤੇ ਨਿਹੱਥੇ 36 ਸਿੱਖਾਂ ਨੂੰ ਅੰਨ੍ਹੇਵਾਹ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਜਿਨ੍ਹਾਂ ’ਚ ਇਕ ਮਾਸਟਰ ਨਾਨਕ ਸਿੰਘ ਹੀ ਜ਼ਖ਼ਮੀ ਹਾਲਤ ਵਿਚ ਬਚਿਆ। ਉਸ ਰਾਤ ਪਿੰਡ ਵਿਚ ਡਰ ਅਤੇ ਦਹਿਸ਼ਤ ਅਤੇ ਤਣਾਓ, ਰੋਣ ਅਤੇ ਸੋਗ ਦੀ ਲਹਿਰ ਸੀ। ਇਸ ਪਿੰਡ ਦੇ ਗਿਆਨੀ ਰਜਿੰਦਰ ਸਿੰਘ ਵੱਲੋਂ ਆਪਣੀ ਜਾਨ ਜੋਖ਼ਮ ਵਿਚ ਪਾਉਂਦਿਆਂ ਨੇੜਲੇ ਪਿੰਡ ਦੇ ਇਕ ਸਾਥੀ ਨਾਲ ਮੱਟਨ ਦੇ ਥਾਣੇ ’ਚ ਇਤਲਾਹ ਦਿੱਤੀ ਗਈ। ਫਿਰ ਇਸ ਨਰਸੰਹਾਰ ਦੀ ਖ਼ਬਰ ਅੱਗ ਦੀ ਤਰਾਂ ਤੇਜ਼ੀ ਨਾਲ ਫੈਲ ਗਈ। ਪੰਜਾਬ ਅਤੇ ਵੱਖ ਵੱਖ ਹਿੱਸਿਆਂ ਤੋਂ ਸਿੱਖ ਸੰਗਤਾਂ, ਸਿਆਸੀ ਆਗੂਆਂ ਨੇ ਉਸੇ ਵਕਤ ਉੱਧਰ ਨੂੰ ਵਹੀਰਾਂ ਘਤ ਲਈਆਂ। ਜਿਸ ’ਚ ਇਸ ਕਲਮਕਾਰ ਵੀ ਮੌਜੂਦ ਰਿਹਾ। ਉਸ ਵਕਤ ਵਾਦੀ ’ਚ ਬੇਵੱਸ ਦਿੱਖ ਰਹੇ ਮੁਸਲਮਾਨ ਭਰਾਵਾਂ ਨੇ ਵੀ ਦੁਕਾਨਾਂ ਬੰਦ ਰੱਖ ਕੇ ਸੋਗ ਮਨਾਇਆ। ਪਿੰਡ ਦੇ ਵੱਡੇ ਗੁਰਦੁਆਰੇ ਦੇ ਹਦੂਦ ਅੰਦਰ ਰੱਖੇ ਗਏ 35 ਮ੍ਰਿਤਕ ਸਰੀਰਾਂ ਕੋਲ ਉਨ੍ਹਾਂ ਦੇ ਰਿਸ਼ਤੇਦਾਰਾਂ, ਭੁੱਖੇ ਤਿਹਾਏ ਛੋਟੇ ਬਚਿਆਂ ਨੂੰ ਵਿਰਲਾਪ ਕਰਦਿਆਂ ਦੇਖ ਹਰੇਕ ਦਿਲ ਦਾ ਰੋਣਾ ਤੇ ਭਾਵੁਕ ਹੋਣਾ ਕੁਦਰਤੀ ਸੀ। ਲੋਕ ਕਾਤਲਾਂ ਨੂੰ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਠੋਸ ਉਪਰਾਲਾ ਨਾ ਕਰਨ ਲਈ ਅਬਦੁੱਲਾ ਸਰਕਾਰ ਨੂੰ ਕੋਸ ਰਹੇ ਸਨ।
ਕੁਝ ਰਸਮੀ ਕਾਰਵਾਈਆਂ ਉਪਰੰਤ ਅਤਿ ਸੋਗਮਈ ਮਾਹੌਲ ’ਚ ਖ਼ੂਨ ਦੇ ਹੰਝੂ ਵਹਾਉਂਦਿਆਂ 35 ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਠਿਆਂ ਚਿਖਾ ’ਚ ਰੱਖਦਿਆਂ ਅੰਤਿਮ ਸੰਸਕਾਰ ਕੀਤਾ ਗਿਆ। ਇਹ ਨਿਰਦੋਸ਼ਾਂ ਦਾ ਹੀ ਨਹੀਂ ਸਗੋਂ ਇਹ ਕਸ਼ਮੀਰੀਅਤ ਅਤੇ ਉਨ੍ਹਾਂ ਦੇ ਰਵਾਇਤੀ ਭਾਈਚਾਰੇ ਦਾ ਵੀ ਕਤਲੇਆਮ ਸੀ। ਇਸ ਕਤਲੇਆਮ ਦੇ ਵਹਿਸ਼ੀ ਕਾਰੇ ਨੇ ਵਾਦੀ ਦੇ ਸਿੱਖਾਂ ਦੇ ਵਿਸ਼ਵਾਸ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਮੁੱਚੇ ਵਿਸ਼ਵ ਵਿਚ ਸਿੱਖ ਭਾਈਚਾਰੇ ਪ੍ਰਤੀ ਹਮਦਰਦੀ ਸੀ। ਇਸ ਮੌਕੇ ਸਿੱਖ ਭਾਈਚਾਰੇ ਨੇ ਸੜਕਾਂ ’ਤੇ ਨਿਕਲ ਕੇ ਇਕ ਜੁਟਤਾ ਦਾ ਪ੍ਰਗਟਾਵਾ ਵੀ ਕੀਤਾ ਅਤੇ ਸਵਾਲ ਉਠਾਇਆ ਕਿ ਇਹ ਨਰਸੰਹਾਰ ਕਿਉਂ ਤੇ ਕਿਸ ਨੇ ਕੀਤਾ ਕਰਾਇਆ। ਸਰਕਾਰਾਂ ਹਮਲਾ ਕਰਨ ਵਾਲੇ ਅੱਤਵਾਦੀਆਂ ਬਾਰੇ ਸਟੀਕ ਪਤਾ ਲਾਉਣ ’ਚ ਅੱਜ ਤਕ ਵੀ ਨਾਕਾਮ ਰਹੀਆਂ ਹਨ, ਬੇਸ਼ੱਕ ਉਹ ਲਸ਼ਕਰ ਏ ਤੋਇਬਾ ਨੂੰ ਕਸੂਰਵਾਰ ਮੰਨਦੀ ਆਈ ਹੈ। ਇਸ ਨਰਸੰਹਾਰ ਉਪਰੰਤ ਲਸ਼ਕਰ ਦੇ ਸਹਿ ਸੰਸਥਾਪਕ ਸਈਦ ਦੇ ਭਤੀਜੇ ਮੁਹੰਮਦ ਸੁਹੇਲ ਮਲਿਕ ਨੇ ਭਾਰਤੀ ਹਿਰਾਸਤ ਵਿਚ ਰਹਿੰਦਿਆਂ ਲਸ਼ਕਰ ਦੇ ਨਿਰਦੇਸ਼ਾਂ ’ਤੇ ਹਮਲੇ ’ਚ ਹਿੱਸਾ ਲੈਣ ਦਾ ਕਬੂਲ ਕੀਤਾ, ਜਿਸ ਨੂੰ ਉਸ ਨੇ ਨਿਊਯਾਰਕ ਟਾਈਮਜ਼ ਦੇ ਬੈਰੀ ਬੀਅਰਕ ਨਾਲ ਇਕ ਇੰਟਰਵਿਊ ਦੌਰਾਨ ਦੁਹਰਾਇਆ ਵੀ। 2010 ਦੌਰਾਨ ਲਸ਼ਕਰ ਦੇ ਸਹਿਯੋਗੀ ਡੇਵਿਡ ਹੈਡਲੀ, ਜਿਸ ਨੂੰ 2008 ਦੇ ਮੁੰਬਈ ਹਮਲਿਆਂ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਨੇ ਕਥਿਤ ਤੌਰ ’ਤੇ ਰਾਸ਼ਟਰੀ ਜਾਂਚ ਏਜੰਸੀ ਨੂੰ ਦੱਸਿਆ ਕਿ ਚਿੱਟੀ ਸਿੰਘਪੁਰਾ ਕਤਲੇਆਮ ਨੂੰ ਲਸ਼ਕਰ ਨੇ ਅੰਜਾਮ ਦਿੱਤਾ ਸੀ। ਉਸ ਨੇ ਲਸ਼ਕਰ ਦੇ ਅਤਿਵਾਦੀ ਐਮਉਜਾਮਿਲ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਜਿਸ ਨੇ ਉਸ ਸਮੂਹ ਦੇ ਹਿੱਸੇ ਵਜੋਂ ਕਲਿੰਟਨ ਦੀ ਫੇਰੀ ਮੌਕੇ ਫ਼ਿਰਕੂ ਤਣਾਅ ਪੈਦਾ ਕਰਨ ਲਈ ਕਤਲੇਆਮ ਨੂੰ ਅੰਜਾਮ ਦਿੱਤਾ। ਕੁਝ ਵੀ ਹੋਵੇ ਇਸ ਤ੍ਰਾਸਦੀ ਨੇ ਸਟੇਟ ਤਰਸਦੀ ’ਤੇ ਘਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ’ਚ ਅਸਮਰਥਾ ਅਤੇ ਨਾਕਾਮੀ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਬੇਸ਼ੱਕ ਇਹ ਤ੍ਰਾਸਦੀ ਲੋਕ ਮਨਾਂ ਤੇ ਮੀਡੀਆ ’ਚੋਂ ਹੌਲੀ ਹੌਲੀ ਮਨਫ਼ੀ ਹੋ ਰਹੀ ਹੈ। ਫਿਰ ਵੀ ਸਿੱਖ ਭਾਈਚਾਰੇ ਦੀ ਯਾਦ ’ਚ ਇਸ ਦੀ ਅਮਿੱਟ ਛਾਪ ਹੈ ਅਤੇ ਅੱਜ ਵੀ ਇਸ ਦੀ ਪੀੜਾ ਤੇ ਚੀਸ ਸਿੱਖ ਮਨਾਂ ’ਚ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਤ੍ਰਾਸਦੀ ਦੀ ਜਿਮੇਵਾਰਾਂ ਪ੍ਰਤੀ 22 ਸਾਲਾਂ ਦਾ ਇਕ ਅਣਸੁਲਝਿਆ ਰਹੱਸ ਅੱਜ ਵੀ ਬਰਕਰਾਰ ਹੈ। ਅੱਜ ਵੀ ਉਨ੍ਹਾਂ ਨੌਜਵਾਨਾਂ ਅਤੇ ਬਜ਼ੁਰਗ ਸਿੱਖਾਂ ਦੇ ਕਤਲੇਆਮ ਦਾ ਜਵਾਬ ਲੱਭਣ ਦੀ ਲੋੜ ਹੈ। ਸ਼ਾਲਾ ਅਜਿਹੀਆਂ ਰਾਤਾਂ ਕਿਸੇ ਦੇ ਵੀ ਹਿੱਸੇ ਨਾ ਆਉਣ। ਕਸ਼ਮੀਰ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਇਨ੍ਹਾਂ ਸ਼ਹੀਦਾਂ ਨੂੰ ਅੱਜ ਵੀ ਸਿੱਖ ਭਾਈਚਾਰਾ ਅਤੇ ਅਮਨ ਪਸੰਦ ਸ਼ਹਿਰੀ ਵਾਰ ਵਾਰ ਸਿੱਜਦਾ ਕਰਦਾ ਹੈ।