ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਭਗਵੰਤ ਮਾਨ ਸਰਕਾਰ: ਮੀਨੂ ਸੇਠੀ
ਚੰਡੀਗੜ/ਅੰਮ੍ਰਿਤਸਰ:14 ਫ਼ਰਵਰੀ (ਪਵਿੱਤਰ ਜੋਤ ) : ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਮੀਨੂ ਸੇਠੀ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾ ਨੂੰ ਆਪਣੇ ਵੋਟ ਬੈਂਕ ਵਜੋਂ ਵਰਤ ਕੇ ਸਰਕਾਰ ਬਣਾਈ ਅਤੇ ਸਰਕਾਰ ਬਣਨ ‘ਤੋਂ ਬਾਅਦ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਆਜ਼ਾਦੀ ‘ਤੋਂ ਬਾਅਦ 60 ਸਾਲ ਦੇਸ਼ ‘ਤੇ ਰਾਜ ਕਰਨ ਵਾਲੀ ਕਾਂਗਰਸ ਨੇ ਵੀ ਔਰਤਾਂ ਨੂਂ ਸਿਰਫ਼ ਵੋਟ ਬੈਂਕ ਵਜੋਂ ਹੀ ਵਰਤਿਆ ਅਤੇ ਨਾਰੀ ਸ਼ਕਤੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ।
ਮੀਨੂ ਸੇਠੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਔਰਤਾਂ ਸੰਸਦ ਤੋਂ ਲੈ ਕੇ ਘਰ ਤੱਕ ਅਤੇ ਅਸਮਾਨ ਤੋਂ ਲੈ ਕੇ ਪੰਚਾਇਤ ਅਤੇ ਰਾਸ਼ਟਰਪਤੀ ਭਵਨ ਤੱਕ ਜਿੱਤ ਦਾ ਝੰਡਾ ਲਹਿਰਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਰਾਸ਼ਟਰਪਤੀ ਦੇ ਭਾਸ਼ਣ ਦੀ ਪੇਸ਼ਕਾਰੀ ਵੀ ਔਰਤ ਵੱਲੋਂ ਕੀਤੀ ਗਈ ਅਤੇ ਭਾਰਤ ਦੇਸ਼ ਦਾ ਕੇਂਦਰੀ ਬਜਟ ਵੀ ਇੱਕ ਔਰਤ ਵੱਲੋਂ ਹੀ ਪੇਸ਼ ਕੀਤਾ ਗਿਆ। ਉਹਨਾਂ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਰਾਸ਼ਟਰੀ ਆਜੀਵਿਕਾ ਮਿਸ਼ਨ ਤਹਿਤ 80 ਲੱਖ ਸਵੈ-ਸਹਾਇਤਾ ਸਮੂਹਾਂ ਰਾਹੀਂ 8.62 ਕਰੋੜ ਔਰਤਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੌਰਾਨ ਚਾਰ ਲੱਖ ਸਵੈ-ਸਹਾਇਤਾ ਸਮੂਹਾਂ ਰਾਹੀਂ 1625 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ, ਜਦਕਿ ਸਵੈ-ਸਹਾਇਤਾ ਸਮੂਹਾਂ ਦੀ ਕਰਜ਼ਾ ਹੱਦ 10 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ।
ਮੀਨੂ ਸੇਠੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਬੈਂਕ ਯੋਜਨਾ ਤਹਿਤ 68 ਫੀਸਦੀ ਕਰਜ਼ੇ ਅਤੇ ਸਟਾਰਟਅੱਪ ਸਕੀਮ ਤਹਿਤ 83 ਫੀਸਦੀ ਕਰਜ਼ੇ ਔਰਤਾਂ ਨੂੰ ਵੰਡੇ ਗਏ ਹਨ। ਜਦਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਔਰਤਾਂ ਦੇ 26 ਕਰੋੜ ਨਵੇਂ ਖਾਤੇ ਖੋਲ੍ਹੇ ਗਏ ਹਨ। ਉਹਨਾਂ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਔਰਤਾਂ ਨਾਲ ਕੀਤੇ ਸਾਰੇ ਵਾਅਦੇ ਤੁਰੰਤ ਪੂਰੇ ਕਰੇ।
ਮੀਨੂ ਸੇਠੀ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਅਤੇ ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰ, ਅਪਰਾਧਾਂ ‘ਤੇ ਨੱਥ ਨਾ ਪਾਈ ਤਾਂ ਬੀਜੇਪੀ ਮਹਿਲਾ ਮੋਰਚਾ ਸੜਕਾਂ ‘ਤੇ ਉਤਰਨ ‘ਤੋਂ ਗੁਰੇਜ਼ ਨਹੀਂ ਕਰੇਗਾ।