ਸਿੱਧੂ ਮੂਸੇਵਾਲਾ ਦੇ ਕਤਲ ਲਈ ਭਗਵੰਤ ਮਾਨ, ਕੇਜਰੀਵਾਲ ਤੇ ਰਾਘਵ ਚੱਢਾ ਅਤੇ ਡੀਜੀਪੀ ਪੰਜਾਬ ਜ਼ਿੰਮੇਵਾਰ : ਸ਼ੇਖਾਵਤ
ਗਜੇਂਦਰ ਸਿੰਘ ਸ਼ੇਖਾਵਤ ਨੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਦੁਖੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਚੰਡੀਗੜ੍ਹ/ਅੰਮ੍ਰਿਤਸਰ 2 ਜੂਨ ( ਪਵਿੱਤਰ ਜੋਤ): ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜੱਦੀ ਘਰ ਉਨ੍ਹਾਂ ਦੇ ਪਿੰਡ ਪੁੱਜ ਕੇ ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨਾਲ ਦੁੱਖ ਸਾਂਝਾ ਕੀਤਾ। ਸ਼ੇਖਾਵਤ ਨੇ ਮ੍ਰਿਤਕ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸਮਰਥਨ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੁਨੀਲ ਜਾਖੜ ਵੀ ਮੌਜੂਦ ਸਨ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ-ਪ੍ਰਸ਼ਾਸ਼ਨ ਦੀ ਘੋਰ ਅਣਗਹਿਲੀ ਅਤੇ ਘੋਰ ਕੁਸ਼ਾਸਨ ਕਾਰਨ ਜਿੱਥੇ ਸੂਬੇ ‘ਚ ਅਮਨ-ਕਾਨੂੰਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਹੈ, ਉੱਥੇ ਪੰਜਾਬ ਦੇ ਸੰਗੀਤ ਦੇ ਨੌਜਵਾਨ ਆਈਕੋਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ।
ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਮੌਕੇ ਕਿਹਾ ਕਿ ਸਿੱਧੂ ਮੂਸੇਵਾਲਾ ਬਹੁਤ ਹੀ ਹੋਣਹਾਰ ਨੌਜਵਾਨ ਸੀ ਅਤੇ ਉਸ ਨੇ ਛੋਟੀ ਉਮਰ ਵਿੱਚ ਹੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਨਾਮ ਬਣਾਇਆ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਗਾਇਕੀ ਅਤੇ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਇਸ ਘਟਨਾ ਨੂੰ ਟਾਲਿਆ ਜਾ ਸਕਦਾ ਸੀ, ਪਰ ਆਮ ਆਦਮੀ ਪਾਰਟੀ ਦੇ ਝੂਠੀ ਸ਼ੋਹਰਤ ਹਾਸਿਲ ਕਰਨ ਦੇ ਜਨੂੰਨੀ ਵਤੀਰੇ ਕਾਰਨ ਸਿੱਧੂ ਮੂਸੇਵਾਲਾ ਦੀ ਜਾਣ ਚਲੀ ਗਈI
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਨਾਕਾਮੀ ਦਾ ਪ੍ਰਤੱਖ ਸਬੂਤ ਹੈ, ਜਿਸ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਸੀ। ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਖਤਮ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਕੇ ਉਨ੍ਹਾਂ ਦੀ ਜਾਨ ਨੂੰ ਵੱਡੇ ਖਤਰੇ ਵਿੱਚ ਪਾ ਦਿੱਤਾ ਹੈ। ਜਦੋਂਕਿ ਆਮ ਆਦਮੀ ਪਾਰਟੀ ਦੇ ਇਹ ਆਗੂ ਖ਼ੁਦ ਸਖ਼ਤ ਸੁਰੱਖਿਆ ਹੇਠ ਰਹਿੰਦੇ ਹਨ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ‘ਆਪ’ ਆਗੂਆਂ ‘ਚ ਵੀ.ਆਈ.ਪੀ ਕਲਚਰ ਖਤਮ ਕਰਨ ਦੀ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਕੋਲ ਖੁਦ 90 ਸੁਰੱਖਿਆ ਮੁਲਾਜ਼ਮ ਹਨ, ਮੁੱਖ ਮੰਤਰੀ ਭਗਵੰਤ ਮਾਨ ਕੋਲ 850 ਤੋਂ ਵੱਧ, ਰਾਘਵ ਚੱਢਾ ਕੋਲ 45, ਭਗਵੰਤ ਮਾਨ ਦੀ ਮਾਂ ਕੋਲ 20 ਅਤੇ ਭਗਵੰਤ ਮਾਨ ਦੀ ਭੈਣ ਕੋਲ ਵੀ 20 ਸੁਰੱਖਿਆ ਕਰਮਚਾਰੀ ਹਨ। ਜਦੋਂ ਕਿ ਪੰਜਾਬ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ 424 ਲੋਕਾਂ ਦੀ ਸੁਰੱਖਿਆ ਵਾਪਸ ਲਈ ਅਤੇ ਇਸ ਦੀ ਝੂਠੀ ਸ਼ਾਨ ਲੁੱਟਣ ਲਈ ਇਸ ਦਾ ਸਾਰਾ ਵੇਰਵਾ ਮੀਡੀਆ ਰਾਹੀਂ ਲੋਕਾਂ ਅਤੇ ਅਪਰਾਧੀਆਂ ਨਾਲ ਸਾਂਝਾ ਕੀਤਾ। ਇਹ ਸਭ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਕਤਲ ਅਤੇ ਹੋਰ ਜੁਰਮਾਂ ਨੂੰ ਅੰਜਾਮ ਦੇਣ ਦਾ ਖੁੱਲ੍ਹਾ ਸੱਦਾ ਹੈ। ਜਿਸ ਕਾਰਨ ਸਿੱਧੂ ਮੂਸੇਵਾਲਾ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਸ਼ੇਖਾਵਤ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਰਾਘਵ ਚੱਢਾ ਅਤੇ ਪੰਜਾਬ ਦੇ ਡੀਜੀਪੀ ਮੁੱਖ ਦੋਸ਼ੀ ਹਨ।
ਸ਼ੇਖਾਵਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਮਾਨਯੋਗ ਰਾਜਪਾਲ ਕੋਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ NIA ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ, ਫਤਿਹਜੰਗ ਸਿੰਘ ਬਾਜਵਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਜਿੰਦਲ ਅਤੇ ਹੋਰ ਸੀਨੀਅਰ ਭਾਜਪਾ ਆਗੂ ਵੀ ਹਾਜ਼ਰ ਸਨ।