ਪ੍ਰਧਾਨ ਮੰਤਰੀ ਮੋਦੀ ਦੇ ਸਵਦੇਸ਼ੀ ਸਵਲਾਂਬਨ ਦੇ ਨਾਅਰੇ ਨੂੰ ਸਾਰਥਕ ਬਣਾਉਣ ਲਈ ਕੇਂਦਰ ਸਰਕਾਰ ਹਰ ਸਮੇਂ ਤਿਆਰ: ਜੀਵਨ ਗੁਪਤਾ
ਪੰਜਾਬ ਦੀ ਸਾਈਕਲ ਸਨਅਤ ਦੀਆਂ ਸਮੱਸਿਆਵਾਂ ਨੂੰ ਲੈ ਕੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਵਫ਼ਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਮਿਲਿਆ
ਅੰਮ੍ਰਿਤਸਰ/ ਚੰਡੀਗੜ੍ਹ, 7 ਦਸੰਬਰ ( ਪਵਿਤਰ ਜੋਤ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਦੀ ਅਗਵਾਈ ਹੇਠ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਇੱਕ ਵਫ਼ਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਮਿਲਿਆ ਅਤੇ ਸਾਈਕਲ ਉਦਯੋਗ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਆਪਣਾ ਮੰਗ ਪੱਤਰ ਦਿੱਤਾ। ਇਸ ਵਫਦ ‘ਚ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐਸ. ਚਾਵਲਾ, ਹੀਰੋ ਸਾਈਕਲਜ਼ ਲਿਮਿ ਦੇ ਸੀਈਓ ਰੋਹਿਤ ਗੋਠੀ, ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਦੇ ਚੇਅਰਮੈਨ ਉਪਕਾਰ ਸਿੰਘ ਅਤੇ ਲੱਕੀ ਐਕਸਪੋਰਟ ਦੇ ਹਰਸਿਮਰਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਵਫਦ ਦੇ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ‘ਤੇ ਹਾਜਰ ਹੋਏI ਉਹਨਾਂ ਨਾਲ ਇਸ ਮੌਕੇ ਸੂਬਾਈ ਭਾਜਪਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਅਤੇ ਲੁਧਿਆਨਾ ਦੇ ਜਿਲਾ ਪ੍ਰਧਾਨ ਪੁਸ਼੍ਪੇੰਦਰ ਸਿੰਗਲ ਆਦਿ ਵੀ ਹਾਜ਼ਰ ਸਨ।
ਜੀਵਨ ਗੁਪਤਾ ਨੇ ਦੱਸਿਆ ਕਿ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਵਫ਼ਦ ਸਾਈਕਲ ਸਨਅਤ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਮਿਲਿਆ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ ਅਤੇ ਕੇਂਦਰੀ ਮੰਤਰੀ ਨੂੰ ਵਫਦ ਵਲੋਂ ਆਪਣਾ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਤੁਰੰਤ ਇਸ ‘ਤੇ ਕਾਰਵਾਈ ਕਰਦੇ ਹੋਏ ਸਬੰਧਿਤ ਉੱਚ-ਅਧਿਕਾਰੀਆਂ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਜਾਣਕਾਰੀ ਲਈ ਅਤੇ ਸਬੰਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨI ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਈਕਲ ਉਦਯੋਗ ਦੀ ਸਪਲਾਈ ਵਿੱਚ ਵਿਸ਼ਵ ਵਿੱਚ ਚੀਨ ਪਹਿਲੇ ਸਥਾਨ ’ਤੇ ਹੈ ਅਤੇ ਭਾਰਤ ਦੂਜੇ ਸਥਾਨ ’ਤੇ ਹੈ। ਅੱਜ ਹਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨੂੰ ਵਿਸ਼ਵ ਗੁਰੂ ਅਤੇ ਵਿਸ਼ਵ ਸ਼ਕਤੀ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਹੈ। ਮੋਦੀ ਦੇ ਸਵਦੇਸ਼ੀ ਸਵਲਾਂਬਨ ਦੇ ਨਾਅਰੇ ਤਹਿਤ ਭਾਰਤ ਦਾ ਸਾਈਕਲ ਉਦਯੋਗ ਚੀਨ ਦੇ ਸਾਈਕਲ ਉਦਯੋਗ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ। ਭਾਰਤ ਦਾ ਸਾਈਕਲ ਉਦਯੋਗ ਵੀ ਵਿਸ਼ਵ ਮੰਡੀ ਵਿੱਚ ਸਸਤੇ ਭਾਅ ‘ਤੇ ਚੰਗੀ ਗੁਣਵੱਤਾ ਵਾਲੇ ਸਾਈਕਲਾਂ ਦੀ ਸਪਲਾਈ ਕਰਨ ਲਈ ਤਿਆਰ ਹੈ। ਪਰ ਹਾਲ ਹੀ ਵਿੱਚ, ਗਲੋਬਲ ਪੱਧਰ ‘ਤੇ ਈਂਧਨ ਦੀਆਂ ਵਧੀਆਂ ਕੀਮਤਾਂ ਕਾਰਨ, ਸਟੀਲ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਨਾਲ ਸਾਈਕਲ ਉਦਯੋਗ ਗਲੋਬਲ ਸਪਲਾਈ ਬਾਜ਼ਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਉਦਯੋਗ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਡੀ.ਐਸ. ਚਾਵਲਾ ਨੇ ਕਿਹਾ ਕਿ ਸੂਬੇ ਦੀ ਸਾਈਕਲ ਸਨਅਤ ਨਾਲ ਸਬੰਧਤ ਸਨਅਤਕਾਰਾਂ ਦਾ ਇੱਕ ਵਫ਼ਦ ਕੁਝ ਦਿਨ ਪਹਿਲਾਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਮਿਲਿਆ ਸੀ ਅਤੇ ਉਹਨਾਂ ਉਸ ਸਮੇਂ ਸਾਡੀ ਮੁਲਾਕਾਤ ਆਪਣੇ ਪੰਜਾਬ ਦੌਰੇ ਦੇ ਹਿੱਸੇ ਵਜੋਂ ਭਾਜਪਾ ਦੇ ਸੂਬਾਈ ਹੈੱਡਕੁਆਰਟਰ ਪੁੱਜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਕਰਵਾਈ ਸੀ ਅਤੇ ਵਫ਼ਦ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਸਾਈਕਲ ਉਦਯੋਗ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ ਸੀ। ਜਿਸ ‘ਤੇ ਸੋਮ ਪ੍ਰਕਾਸ਼ ਅਤੇ ਅਸ਼ਵਨੀ ਸ਼ਰਮਾ ਨੇ ਵਫ਼ਦ ਦੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਜਲਦੀ ਹੀ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ ਸੀI
ਡੀ.ਐਸ. ਚਾਵਲਾ ਨੇ ਦੱਸਿਆ ਕਿ ਸਾਈਕਲ ਬਣਾਉਣ ਲਈ ਵੱਖ-ਵੱਖ ਛੋਟੇ ਪੁਰਜੇ ਬਣਾਉਣ ਦਾ ਕੰਮ ਵੱਖ-ਵੱਖ ਉਦਯੋਗ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਸਵਦੇਸ਼ੀ ਬਣਾਓ ਅਤੇ ਸਵਦੇਸ਼ੀ ਅਪਣਾਓ’ ਹੇਠ ਭਾਰਤ ਦਾ ਸਾਈਕਲ ਉਦਯੋਗ ਚੀਨ ਨਾਲ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ। ਸਾਨੂੰ ਸਬ ਤੋਂ ਵੱਡੀ ਸਮੱਸਿਆ ਲੋਹੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਕਾਰਨ ਆ ਰਿਹਾ ਹੈ। ਜਿਸ ਕਾਰਨ ਸਾਈਕਲ ਸਨਅਤ ਦੀ ਲਾਗਤ ਬਹੁਤ ਜਿਆਦਾ ਵੱਧ ਗਈ ਹੈ, ਜਿਸ ਕਾਰਨ ਬਾਜ਼ਾਰ ਵਿੱਚ ਸਾਈਕਲਾਂ ਦੀ ਕੀਮਤ ਵੀ ਬਹੁਤ ਵਧ ਗਈ ਹੈ। ਅਸੀਂ ਵਿਦੇਸ਼ੀ ਬਾਜ਼ਾਰ ਦੀ ਮੰਗ ਨੂੰ ਵਾਜਬ ਕੀਮਤਾਂ ‘ਤੇ ਪੂਰਾ ਕਰਨ ‘ਚ ਅਸਮਰੱਥ ਹਾਂ। ਇਸ ਤੋਂ ਪਹਿਲਾਂ ਇੱਕ ਰਾਸ਼ਟਰੀ ਸਟੀਲ ਰੈਗੂਲੇਟਰੀ ਕਮੇਟੀ ਹੁੰਦੀ ਸੀ, ਜਿਸ ਵਿੱਚ ਉਦਯੋਗ ਦੇ ਲੋਕ, ਸਟੀਲ ਨਿਰਮਾਤਾ ਅਤੇ ਸਰਕਾਰ ਦੇ ਮੰਤਰੀ ਸ਼ਾਮਲ ਹੁੰਦੇ ਸਨ। ਵਫ਼ਦ ਨੇ ਉਸ ਕਮੇਟੀ ਦਾ ਪੁਨਰਗਠਨ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਟੀਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੀਨ ਲੋਹਾ, ਐਲੂਮੀਨੀਅਮ, ਕਾਰਬਨ-ਫਾਈਬਰ, ਟਾਈਟੇਨੀਅਮ ਆਦਿ ਦੇ ਮਾਮਲੇ ਵਿਚ ਭਾਰਤ ਤੋਂ ਬਹੁਤ ਅੱਗੇ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਾਈਕਲ ਉਦਯੋਗ ਨੇ ਚੀਨ ਨਾਲ ਮੁਕਾਬਲਾ ਕਰਨ ਲਈ ਕੱਚੇ ਮਾਲ ਦੀ ਅੰਤਰਰਾਸ਼ਟਰੀ ਕੀਮਤ ਅਤੇ ਤਕਨਾਲੋਜੀ ਅਪਗ੍ਰੇਡੇਸ਼ਨ ਫੰਡ ਦੀ ਮੰਗ ਕੀਤੀ ਹੈ। ਪਿਊਸ਼ ਗੋਇਲ ਨੇ ਵਫ਼ਦ ਨੂੰ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ।