ਕੇਜਰੀਵਾਲ ਦਾ ਔਰਤਾਂ ਨੂੰ ਪ੍ਰਤੀ ਔਰਤ 1000 ਰੁਪਏ ਦੇਣ ਦਾ ਝਾਂਸਾ ਵੋਟਾਂ ਖਰੀਦਣ ਦੀ ਸਾਜਿਸ਼: ਅਸ਼ਵਨੀ ਸ਼ਰਮਾ
ਪੰਜਾਬ ਨੂੰ ਨਸ਼ਾ, ਭ੍ਰਿਸ਼ਟਾਚਾਰ ਅਤੇ ਅਪਰਾਧ ਮੁਕਤ ਬਣਾਉਣ ਲਈ ਭਾਜਪਾ ਅਪਣਾਏਗੀ ਜ਼ੀਰੋ ਟਾਲਰੈਂਸ: ਸ਼ਰਮਾ
ਭਾਜਪਾ ਸੂਬੇ ਦੇ ਵਿਕਾਸ ਬਲੂਪ੍ਰਿੰਟ ਨੂੰ ਆਪਣੇ ਚੋਣ ਮੈਨੀਫੈਸਟੋ ‘ਚ ਸ਼ਾਮਲ ਕਰ ਉਤਰੇਗੀ ਚੋਣ ਮੈਦਾਨ ‘ਚ, ਜੋ ਕਹੇਗੀ ਉਸ ਨੂੰ ਕਰੇਗੀ ਪੂਰਾ: ਅਸ਼ਵਨੀ ਸ਼ਰਮਾ
ਅੰਮ੍ਰਿਤਸਰ/ਚੰਡੀਗੜ੍ਹ, 7 ਦਸੰਬਰ (ਪਵਿੱਤਰ ਜੋਤ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਦੀ ਅਟਾਰੀ ਸਰਹੱਦ ਰਾਹੀਂ ਵਪਾਰਕ ਲਾਂਘਾ ਖੋਲ੍ਹਣ ਦੇ ਐਲਾਨਾਂ ਨੂੰ ਲੈ ਕੇ ਆੜੇ ਹੱਥੀਂ ਲੈਂਦੀਆਂ ਕਿਹਾ ਕਿ ਜਦੋਂ ਪਾਕਿਸਤਾਨੀ ਫੌਜ ਜਾਂ ਪਾਕਿਸਤਾਨੀ ਹਮਾਇਤ ਵਾਲੇ ਅੱਤਵਾਦੀ ਸਾਡੇ ਪੰਜਾਬ ਦੇ ਪੁੱਤਰਾਂ ਨੂੰ ਮਾਰਦੇ ਹਨ ਅਤੇ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਿੰਡ ਪਹੁੰਚਦੀਆਂ ਹਨ ਤਾਂ ਇਹ ਦੋਵੇਂ ਮੂੰਹ ਕਿਉਂ ਲੁਕਾਉਂਦੇ ਹਨ? ਸ਼ਰਮਾ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾਈ ਹੈੱਡਕੁਆਰਟਰ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੂਬਾ ਪ੍ਰਧਾਨ ਦੇ ਨਾਲ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ ਤੇ ਹਰਜੀਤ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨI
ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਪੌਨੇ ਪੰਜ ਸਾਲ ਤੋਂ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ। ਉਦੋਂ ਇਸ ਨੂੰ ਪੰਜਾਬ ਦੇ ਲੋਕਾਂ ਦੀ ਯਾਦ ਨਹੀਂ ਆਈ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰਵਿੰਦ ਕੇਜਰੀਵਾਲ ਦੀ ਪੰਜਾਬ ਪ੍ਰਤੀ ਕੋਈ ਨੀਤੀ ਜਾਂ ਕੋਈ ਦੂਰਅੰਦੇਸ਼ੀ ਸੋਚ ਨਹੀਂ ਹੈ। ਦੋਵਾਂ ਵਲੋਂ ਪੰਜਾਬਾਂ ਦੇ ਲੋਕਾਂ ਨੂੰ ਮੁਫ਼ਤ ਐਲਾਨ ਦੇ ਲਾਲੀਪਾਪ ਦਿੱਤੇ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆ ਕੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦਾ ਰੋਲ ਮਾਡਲ ਪੰਜਾਬ ਵਿੱਚ ਲਾਗੂ ਕਰਨ ਦਾ ਉਪਦੇਸ਼ ਦੇ ਰਹੇ ਹਨ। ਸ਼ਰਮਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਦੱਸਣ ਕਿ ਦਿੱਲੀ ਦੇ ਰੋਲ ਮਾਡਲ ਸਕੂਲਾਂ ਵਿੱਚ ਕਿੰਨੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਅਧਿਆਪਕ ਅਤੇ ਹੋਰ ਸਟਾਫ਼ ਹੈ। ਕੇਜਰੀਵਾਲ ਦਾ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਵੰਡਣ ਦਾ ਐਲਾਨ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਖਰੀਦਣ ਦੀ ਸਾਜਿਸ਼ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਨਤਾ ਨੂੰ ਇਨ੍ਹਾਂ ਦੋਵਾਂ ਮੁੱਖ-ਮੰਤਰੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਜੋ ਵੀ ਮੁਫਤ ਵੰਡਣ ਦਾ ਐਲਾਨ ਕੀਤਾ ਜਾ ਰਿਹਾ ਹੈ, ਉਸ ਲਈ ਫੰਡ ਕਿੱਥੋਂ ਆਉਣਗੇ ਅਤੇ ਪੰਜਾਬ ਦੇ ਖਜ਼ਾਨੇ ਵਿਚ ਆਮਦਨ ਵਧਾਉਣ ਦੀ ਕੀ ਯੋਜਨਾ ਹੈ? ਕਿਉਂਕਿ ਪੰਜਾਬ ਪਹਿਲਾਂ ਹੀ ਭਾਰੀ ਵਿੱਤੀ ਬੋਝ ਹੇਠ ਦਬਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਚੰਨੀ ਦੇ ਮੁਫ਼ਤ ਦੇ ਐਲਾਨ ਪੰਜਾਬ ਨੂੰ ਦੀਵਾਲੀਆ ਬਣਾਉਣ ਵਿੱਚ ਆਖਰੀ ਕਿੱਲ ਸਾਬਤ ਹੋਣਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰਵਿੰਦ ਕੇਜਰੀਵਾਲ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਰੋਡ-ਮੈਪ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਇਕਲੌਤੀ ਪਾਰਟੀ ਹੈ ਜੋ ਪੰਜਾਬ ਦੇ ਵਿਕਾਸ ਲਈ ਵਿਸਤ੍ਰਿਤ ਰੂਪ-ਰੇਖਾ ਤਿਆਰ ਕਰਕੇ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਇਸ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰੇਗੀ। ਭਾਜਪਾ ਲੋਕਾਂ ਨਾਲ ਮਿਲ ਕੇ ਲੋਕਾਂ ਦੀ ਆਮਦਨ ਵਧਾਉਣ ਲਈ ਉਪਾਅ ਤਿਆਰ ਕਰੇਗੀ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਜ਼ਰੂਰ ਪੂਰਾ ਕਰੇਗੀ। ਪੰਜਾਬ ਨੂੰ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਭਾਜਪਾ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਏਗੀ। ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਅੱਤਵਾਦ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ, ਉਸੇ ਤਰ੍ਹਾਂ ਭਾਜਪਾ ਵੱਲੋਂ ਪੰਜਾਬ ‘ਚ ਵੀ ਕੀਤਾ ਜਾਵੇਗਾ। ਭਾਜਪਾ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਸਿਰਫ਼ ਐਲਾਨਾਂ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਇਸ ਲਈ ਭਾਜਪਾ ਪੰਜਾਬ ਦੇ ਲੋਕਾਂ ਪ੍ਰਤੀ ਵਚਨਬੱਧ ਰਹੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁਖਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਨਾਲ ਵਪਾਰਕ ਲਾਂਘਾ ਖੋਲ੍ਹਣ ਦੀ ਗੱਲ ਕਰਦੇ ਹਨ, ਉਹ ਕਿੱਥੇ ਲੁਕ ਜਾਂਦੇ ਹਨ ਜਦੋਂ ਪਾਕਿਸਤਾਨੀ ਫੌਜ ਜਾਂ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀ ਸਾਡੇ ਪੰਜਾਬ ਦੇ ਸੂਰਮੇ ਪੁੱਤਰਾਂ ਨੂੰ ਮਾਰਦੇ ਹਨ ਅਤੇ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਿੰਡਾਂ ਨੂੰ ਆਉਂਦੀਆਂ ਹਨ? ਸ਼ਰਮਾ ਨੇ ਕਿਹਾ ਕਿ ਫਿਰ ਕੀ ਉਨ੍ਹਾਂ ਦਾ ਪਾਕਿਸਤਾਨੀ ਪਿਆਰ ਇਨ੍ਹਾਂ ਦੋਵਾਂ ਦੇ ਮੂੰਹ ਬੰਦ ਕਰ ਦਿੰਦਾ ਹੈ? ਸ਼ਰਮਾ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਦੀਆਂ ਸਰਹੱਦਾਂ ਦੁਨੀਆ ਦੀਆਂ ਆਧੁਨਿਕ ਤਕਨੀਕਾਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਗਈਆਂ ਹਨ, ਜਿਸ ਨੂੰ ਦੇਖ ਕੇ ਗੁਆਂਢੀ ਦੇਸ਼ ਚੀਨ ਅਤੇ ਪਾਕਿਸਤਾਨ ਵੀ ਹੈਰਾਨ ਹਨ। ਪ੍ਰਧਾਨ ਮੰਤਰੀ ਮੋਦੀ ਦਾ ਸਾਰਿਆਂ ਨੂੰ ਸਿੱਧਾ ਸੁਨੇਹਾ ਹੈ ਕਿ ਭਾਰਤ ਦੀ ਬਾਹਰੀ ਜਾਂ ਅੰਦਰੂਨੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਡੀ ਫੌਜ ਦੇ ਬਹਾਦਰ ਜਵਾਨ ਭਾਰਤ ਵੱਲ ਤੱਕਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਹਰ ਸਮੇਂ ਤਿਆਰ ਹਨ।