ਤਿੰਨ ਲੱਖ ਤੋਂ ਘੱਟ ਸਲਾਨਾ ਆਮਦਨ ਵਾਲਾ ਹਰ ਵਿਅਕਤੀ ਮੁਫ਼ਤ ਕਾਨੂੰਨੀ ਸੇਵਾ ਦਾ ਹੱਕਦਾਰ

0
6

ਰਸ਼ਪਾਲ ਸਿੰਘ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ
ਅੰਮ੍ਰਿਤਸਰ, 5 ਮਈ (ਪਵਿੱਤਰ ਜੋਤ)-ਸੀ. ਜੀ ਐਮ ਸ੍ਰੀ ਰਸ਼ਪਾਲ ਸਿੰਘ ਜਿੰਨਾ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ, ਨੇ ਦੱਸਿਆ ਕਿ ਹਰ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਰੁਪਏ ਸਲਾਨਾ ਤੋਂ ਘੱਟ ਹੈ, ਉਹ ਅਥਾਰਟੀ ਕੋਲੋਂ ਮੁਫ਼ਤ ਕਾਨੂੰਨੀ ਸੇਵਾ ਦਾ ਲਾਭ ਲੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਬੱਚੇ, ਔਰਤਾਂ, ਮਾਨਸਿਕ ਰੋਗੀ, ਅਪੰਗ, ਜੇਲ੍ਹਾਂ ਵਿਚ ਬੰਦ ਹਵਾਲਾਤੀ ਅਤੇ ਕੈਦੀ, ਕੁਦਰਤੀ ਆਫਤਾਂ ਦੇ ਮਾਰੇ ਲੋਕ, ਉਦਯੋਗਿਕ ਕਾਮੇ ਵੀ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਸ੍ਰੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਸੇਵਾ ਅਧੀਨ ਅਥਾਰਟੀ ਲੋੜਵੰਦ ਨੂੰ ਅਦਾਲਤ ਵਿਚ ਮੁਫਤ ਵਕੀਲ, ਮੁਫਤ ਕਾਨੂੰਨੀ ਮਸ਼ਵਰਾ, ਕੋਰਟ ਫੀਸ, ਤਬਲਾਨੀ ਫੀਸ, ਗਵਾਹਾਂ ਦੇ ਖਰਚੇ, ਵਕੀਲ ਦੀ ਫੀਸ ਅਤੇ ਅਦਾਲਤੀ ਚਾਰਜੋਈ ਉਤੇ ਆਉਣ ਵਾਲੇ ਫੁਟਕਲ ਖਰਚਿਆਂ ਦੀ ਅਦਾਇਗੀ ਕਰਦੀ ਹੈ।
ਦੱਸਣਯੋਗ ਹੈ ਕਿ ਸ੍ਰੀ ਰਸ਼ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਦਾਸਪੁਰ ਤੋਂ ਬਦਲ ਕੇ ਇੱਥੇ ਆਏ ਹਨ ਅਤੇ ਇੰਨਾ ਤੋਂ ਪਹਿਲਾਂ ਇੱਥੇ ਤਾਇਨਾਤ ਸੀ ਜੀ ਐਮ ਸ. ਪੁਸ਼ਪਿੰਦਰ ਸਿੰਘ, ਜੋ ਕਿ ਅਥਾਰਟੀ ਦੇ ਸਕੱਤਰ ਸਨ, ਦੀ ਬਦਲੀ ਮਾਨਸਾ ਵਿਖੇ ਹੋ ਗਈ ਹੈ। ਅੱਜ ਸ੍ਰੀ ਰਸ਼ਪਾਲ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਏ ਡੀ ਆਰ ਸਥਿਤ ਭਵਨ ਦਾ ਦੌਰਾ ਕੀਤਾ ਅਤੇ ਦਫਤਰ ਮਿਲਣ ਆਏ ਲੋਕਾਂ ਨਾਲ ਮੁਲਾਕਾਤ ਕੀਤੀ। ਉਨਾਂ ਸਟਾਫ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਕੰਮ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣਾ ਹੈ ਅਤੇ ਇਸ ਕੰਮ ਵਿਚ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅਥਾਰਟੀ ਲੋਕ ਅਦਾਲਤਾਂ, ਮੀਡੀਏਸ਼ਨ ਤੇ ਰਾਜੀਨਾਮਾ ਕੇਂਦਰ ਰਾਹੀਂ ਵਿਵਾਦਾਂ ਤੇ ਝਗੜਿਆਂ ਦਾ ਨਿਪਟਾਰਾ ਕਰਵਾ ਕੇ ਸਮਾਜ ਵਿਚ ਵੱਧ ਰਹੇ ਵਖਰੇਵਿਆਂ ਤੇ ਅਦਾਲਤੀ ਬੋਝ ਨੂੰ ਘੱਟ ਕਰਨ ਵਿਚ ਵੱਡਾ ਯੋਗਦਾਨ ਪਾਵੇਗੀ। ਉਨਾਂ ਮੁਫਤ ਕਾਨੂੰਨੀ ਸੇਵਾਵਾਂ ਲਈ ਅਦਾਲਤੀ ਕੰਪਲੈਕਸ ਵਿਚ ਸਥਿਤ ਅਥਾਰਟੀ ਦੇ ਦਫਤਰ ਪਹੁੰਚ ਕਰਨ ਜਾਂ ਫੋਨ ਨੰਬਰ 0183-2220205 ਉਤੇ ਸੰਪਰਕ ਕਰਨ ਦੀ ਅਪੀਲ ਕੀਤੀ।

NO COMMENTS

LEAVE A REPLY