ਐਮਰਜੈਂਸੀ ਦੀ ਕਲਪਨਾ ਕਰਨਾ ਵੀ ਹੈ ਘਿਣਾਉਣਾ: ਅਸ਼ਵਨੀ ਸ਼ਰਮਾ

0
5

ਚੰਡੀਗੜ੍ਹ, 25 ਜੂਨ (ਅਰਵਿੰਦਰ ਵੜੈਚ) : ਐਮਰਜੈਂਸੀ ਦੀ ਵਰ੍ਹੇਗੰਢ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ 25 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਲਾਹ ‘ਤੇ ਉਸ ਸਮੇਂ ਦੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਦੇਸ਼ ਵਿਚ ਐਮਰਜੈਂਸੀ ਲਗਾਏ ਜਾਣ ਨੂੰ ਲੋਕਤੰਤਰ ਦੇ ਸੁਨਹਿਰੀ ਇਤਿਹਾਸ ‘ਚ ਕਾਲੇ ਧੱਬੇ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਉਸ ਦਿਨ ਲੋਕਤੰਤਰ ਅਤੇ ਦੇਸ਼ ਦੇ ਨਾਗਰਿਕਾਂ ਦਾ ਕਤਲ ਕੀਤਾ ਸੀ। 25 ਜੂਨ, 1975 ਨੂੰ ਦੇਸ਼ ਵਿੱਚ ਜੋ ਵਾਪਰਿਆ, ਉਸ ਦੀ ਕਲਪਨਾ ਕਰਨਾ ਵੀ ਘਿਣਾਉਣਾ ਹੈ। ਐਮਰਜੈਂਸੀ ਸੁਆਰਥ ਸਾਹਮਣੇ ਜਮਹੂਰੀਅਤ ਨੂੰ ਤਬਾਹ ਕਰਨ ਦੀ ਮਿਸਾਲ ਹੈ।

 ਅਸ਼ਵਨੀ ਸ਼ਰਮਾ ਨੇ ਅੱਜ ਦੇ ਹੀ ਦਿਨ ਕਰੀਬ 48 ਸਾਲ ਪਹਿਲਾਂ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਦੇਸ਼ ਵਿੱਚ ਲਗਾਈ ਗਈ ਐਮਰਜੈਂਸੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਾਂਗਰਸ ਪਾਰਟੀ ਨੂੰ ਕਾਤਲ ਪਾਰਟੀ ਕਰਾਰ ਦਿੱਤਾ। 25 ਜੂਨ 1975 ਦਾ ਦਿਨ ਭਾਰਤ ਦੇ ਲੋਕਤੰਤਰੀ ਇਤਿਹਾਸ ਵਿੱਚ ਸਭ ਤੋਂ ਕਾਲੇ ਦਿਨ ਵਜੋਂ ਦਰਜ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੱਤਾ ‘ਤੇ ਬਣੇ ਰਹਿਣ ਲਈ ਦੇਸ਼ ‘ਤੇ ਐਮਰਜੈਂਸੀ ਲਗਾ ਦਿੱਤੀ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ‘ਤੇ ਅਸਹਿਣਸ਼ੀਲ ਤਸ਼ੱਦਦ ਕੀਤੇ। ਲੋਕਾਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਦਿਲ ਦਹਿਲਾ ਦੇਣ ਵਾਲੇ ਤਸੀਹੇ ਦਿੱਤੇ ਗਏ ਅਤੇ ਵਹਿਸ਼ੀ ਅੱਤਿਆਚਾਰ ਕੀਤੇ ਗਏ। ਅੱਜ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ‘ਤੇ ਸਵਾਲ ਚੁੱਕਦੀਆਂ ਹਨ, ਪਰ ਲੋਕਤੰਤਰ ਦਾ ਅਸਲ ਕਤਲ ਇੰਦਰਾ ਗਾਂਧੀ ਨੇ ਕੀਤਾ ਸੀ।

 ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਸੁਨਹਿਰੀ ਇਤਿਹਾਸ ਵਿੱਚ 25 ਜੂਨ 1975 ਨੂੰ ਯਾਦ ਕਰਦਿਆਂ ਅੱਜ ਵੀ ਉਸ ਦਿਨ ਦੇ ਦਰਦਨਾਕ ਦ੍ਰਿਸ਼ ਮਨ-ਅੱਖਾਂ ਵਿੱਚ ਰਚ ਜਾਂਦੇ ਹਨ, ਜਦੋਂ ਰਾਤ ਦੇ 12 ਵਜੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਕਾਸ਼ਵਾਣੀ ’ਤੇ ਐਲਾਨ ਕੀਤਾ ਸੀ ਕਿ ਮਹਾਮਹਿਮ ਰਾਸ਼ਟਰਪਤੀ ਨੇ ਐਮਰਜੈਂਸੀ ਲਗਾਉਣ ਦਾ ਹੁਕਮ ਦਿੱਤਾ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਇਸ ਦਿਨ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਸੀ। ਉਦੋਂ ਤੋਂ ਹੀ ਭਾਰਤੀ ਜਨਤਾ ਪਾਰਟੀ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾ ਰਹੀ ਹੈ।

 ਅਸ਼ਵਨੀ ਸ਼ਰਮਾ ਨੇ ਕਿਹਾ ਕਿ 25 ਜੂਨ 1975 ਨੂੰ ਦੇਸ਼ ਵਿੱਚ ਜੋ ਕੁਝ ਵਾਪਰਿਆ, ਉਹ ਸੁਆਰਥ ਸਾਹਮਣੇ ਜਮਹੂਰੀਅਤ ਨੂੰ ਤਬਾਹ ਕਰਨ ਵਾਲੀ ਐਮਰਜੈਂਸੀ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਵਿਅਕਤੀਪੂਜਾ ਦੀ ਕਾਂਗਰਸ ਦੀ ਪ੍ਰਥਾ ਦਾ ਹੀ ਨਤੀਜਾ ਸੀ, ਜਿਸ ਦੀ ਸ਼ੁਰੂਆਤ 1974 ਵਿੱਚ ਤਤਕਾਲੀ ਪ੍ਰਧਾਨ ਡੀ.ਕੇ. ਬਰੂਆ ਨੇ ‘ਇੰਦਰਾ ਹੀ ਇੰਡੀਆ ਅਤੇ ਇੰਡੀਆ ਹੀ ਇੰਦਰਾ’ ਦਾ ਨਾਅਰਾ ਦਿੱਤਾ। ਕਾਂਗਰਸ ਪਾਰਟੀ ਅਤੇ ਇਸ ਦੇ ਸਮਰਥਕ ਬਹੁਤ ਹੰਕਾਰੀ ਸਨ, ਇਸ ਤਾਨਾਸ਼ਾਹੀ ਵਿਚਾਰਧਾਰਾ ਨੇ ਐਮਰਜੈਂਸੀ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਮਾਹੌਲ ਵਿੱਚ ਕੁਝ ਤੱਤ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਕਰਦੇ ਹਨ, ਪਰ ਬਦਕਿਸਮਤੀ ਨਾਲ ਅਜਿਹੀ ਵਿਚਾਰਧਾਰਾ ਚਰਚਾ ਕਰਨਾ ਚਾਹੁੰਦੀ ਹੈ, ਜਿਸ ਨੇ ਅੱਜ ਦੇਸ਼ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਐਮਰਜੈਂਸੀ ਲਾਗੂ ਹੁੰਦੇ ਹੀ ਦੇਸ਼ ਦੀਆਂ ਮਰਿਆਦਾਵਾਂ ਨੂੰ ਰੋਲ ਦਿੱਤਾ ਗਿਆ। ਸਾਰਿਆਂ ਦੇ ਮੌਲਿਕ ਅਧਿਕਾਰ ਖੋਹ ਲਏ ਗਏ। ਸਰਕਾਰ ਦਾ ਵਿਰੋਧ ਕਰਨ ਵਾਲੇ ਨਾਗਰਿਕਾਂ ਨੂੰ ਬਿਨਾਂ ਕਿਸੇ ਕਸੂਰ ਦੇ ਜੇਲ੍ਹਾਂ ਵਿਚ ਡੱਕਿਆ ਗਿਆ ਅਤੇ ਸਖ਼ਤ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਭ ਦਾ ਆਧਾਰ ਰਾਜ ਨਰਾਇਣ ਬਨਾਮ ਉੱਤਰ ਪ੍ਰਦੇਸ਼ ਵਜੋਂ ਜਾਣਿਆ ਜਾਂਦਾ ਇਲਾਹਾਬਾਦ ਹਾਈ ਕੋਰਟ ਦਾ ਕੇਸ ਹੈ। ਜੱਜ ਜਗਮੋਹਨ ਲਾਲ ਸਿਨਹਾ ਨੇ ਰਾਏਬਰੇਲੀ ਚੋਣਾਂ ਵਿੱਚ ਇੰਦਰਾ ਗਾਂਧੀ ਨੂੰ ਹਾਰਨ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਉੱਤੇ 6 ਸਾਲ ਤੱਕ ਕੋਈ ਵੀ ਚੋਣ ਨਾ ਲੜਨ ਦਾ ਹੁਕਮ ਜਾਰੀ ਕਰ ਦਿੱਤਾ। ਜਿਸ ਕਾਰਨ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ, ਇਹ ਐਮਰਜੈਂਸੀ ਦੋ ਸਾਲ ਤੱਕ ਚੱਲੀ ਅਤੇ ਦੇਸ਼ ਦੇ ਲੋਕਾਂ ਨੇ ਅਗਲੀਆਂ ਚੋਣਾਂ ਵਿੱਚ ਤਤਕਾਲੀ ਕਾਂਗਰਸ ਸਰਕਾਰ ਨੂੰ ਹਰਾ ਕੇ ਜਵਾਬ ਦਿੱਤਾ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ ਅਤੇ ਜਨਤਾ ਆਮ ਆਦਮੀ ਪਾਰਟੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਬੇਹੱਦ ਦੁਖੀ ਹੈ ਅਤੇ ਆਉਣ ਵਾਲੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੀ ਹੈ।

NO COMMENTS

LEAVE A REPLY