ਬੁਢਲਾਡਾ,6 ਜੂਨ (ਦਵਿੰਦਰ ਸਿੰਘ ਕੋਹਲੀ)-ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਜਗਜੀਤ ਸਿੰਘ ਨੇ ਦੱਸਿਆ ਕਿ ਕਿਸਾਨੀ ਮੋਰਚੇ ਦੇ ਸ਼ਹੀਦ ਅਮਰ ਸ਼ਹੀਦ ਸ਼੍ਰੀ ਮਾਨ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸੀਂਗੜਾ ਕਰਨਾਲ ਵਾਲਿਆਂ ਦੇ ਸਥਾਨ (ਨਾਨਕਸਰ ਠਾਠ ਗੁਰਨੇ ਕਲਾਂ ਬੁਢਲਾਡਾ) ਵਿਖੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ ਸ਼ੁਭ ਪ੍ਰੇਰਣਾ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ਹੀਦੀ ਦਿਹਾੜਾ ਸੰਪੂਰਨ ਹੋਇਆ। ਜਿਸ ਵਿੱਚ 2,3 ਅਤੇ 4 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸੰਤ ਬਾਬਾ ਜਗਜੀਤ ਸਿੰਘ ਨਾਨਕਸਰ ਠਾਠ ਗੁਰਨੇ ਕਲਾਂ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਦੇ ਉਪਰੰਤ ਸਾਰਾ ਦਿਨ ਮੇਨ ਰੋਡ ਤੇ ਠੰਡੇ ਮਿੱਠੇ ਜਲ,ਜਲ ਜ਼ੀਰਾ ਅਤੇ ਘੁੰਗਣੀਆ ਦਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀਆਂ ਸਾਰੀਆਂ ਟੀਮਾਂ, ਗੁਰਦੁਆਰਾ ਰਾਮਗੜ੍ਹੀਆ ਦੀ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਗੁਰਨੇ ਕਲਾਂ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਅਤੇ ਦੂਰ-ਦਰਾੜੇ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ।