ਬੁਢਲਾਡਾ, 24 ਮਈ (ਦਵਿੰਦਰ ਸਿੰਘ ਕੋਹਲੀ)-ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾ ਹੇਠ ਸਥਾਨਕ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕੌਮੀ ਡੇਂਗੂ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਇਕ ਚੇਤਨਾ ਸੈਮੀਨਾਰ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦੇ ਹੋਏ ਜਿਲਾ ਐਪੀਡੀਮਾਲੋਜਿਸਟ ਡਾ. ਰੁਪਾਲੀ ਨੇ ਕਿਹਾ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਏਜਿਪਟੀ ਨਾਮ ਦੇ ਮੱਛਰ ਨਾਲ ਕੱਟਣ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਰੋਗ ਦੇ ਮਰੀਜ਼ਾਂ ਦੀ ਗਿਣਤੀ ਹਰ ਸਾਲ ਹਜ਼ਾਰਾਂ ‘ਚ ਹੁੰਦੀ ਹੈ। ਉਨ੍ਹਾਂ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੇਂਗੂ ਜਿਸ ਨੂੰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ, ਇਸ ‘ਚ ਤੇਜ਼ ਬੁਖਾਰ, ਸਿਰਦਰਦ, ਅੱਖਾਂ ਪਿੱਛੇ ਦਰਦ, ਮਾਸਪੇਸ਼ੀਆਂ ਵਿਚ ਦਰਦ, ਉਲਟੀਆਂ, ਥਕਾਵਟ ਚਮੜੀ ਤੇ ਲਾਲ ਰੰਗ ਦੇ ਦਾਣੇ ਜ਼ਿਆਦਾ ਹਾਲਤ ਖਰਾਬ ਹੋਵੇ ਤਾਂ ਅੰਗਾਂ ‘ਚੋਂ ਖੂਨ ਦਾ ਰਿਸਾਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਲਾਲ ਖੂਨ (ਪਲੇਟਲੈਟ ਸੈੱਲ) ਦੇ ਕਣਾਂ ਦੀ ਕਮੀ ਹੋ ਜਾਂਦੀ ਹੈ, ਅਜਿਹੀ ਹਾਲਤ ‘ਚ ਨੇੜੇ ਦੇ ਸਿਹਤ ਕੇਂਦਰ ‘ਚ ਮੌਜੂਦ ਡਾਕਟਰ ਨਾਲ ਰਾਬਤਾ ਕਰਨਾ ਚਾਹੀਦਾ ਹੈ। ਸੇਵਾਮੁਕਤ ਸਹਾਇਕ ਮਲੇਰੀਆ ਅਫਸਰ ਕੇਵਲ ਸਿੰਘ ਨੇ ਕਿਹਾ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਸਾਫ਼ ਪਾਣੀ ‘ਚ ਪੈਦਾ ਹੁੰਦਾ ਹੈ ਜੋ ਕਿ ਆਮ ਤੌਰ ਤੇ ਦਿਨ ਵੇਲੇ ਕੱਟਦਾ ਹੈ।ਇਸ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਪੂਰੇ ਹਿੱਸੇ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਰਾਤ ਨੂੰ ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ, ਮੱਛਰ ਭਜਾਉਣ ਵਾਲੇ ਯੰਤਰ, ਤੇਲ ਜਾਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸੈਮੀਨਾਰ ਵਿਚ ਜਿਲਾ ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ, ਸਹਾਇਕ ਮਲੇਰੀਆ ਅਫਸਰ ਗੁਰਜੰਟ ਸਿੰਘ, ਸਿਹਤ ਸੁਪਰਵਾਇਜ਼ਰ ਅਸ਼ਵਨੀ ਕੁਮਾਰ, ਸੰਜੀਵ ਕੁਮਾਰ, ਸਮਸ਼ੇਰ ਸਿੰਘ, ਸਿਹਤ ਕਰਮਚਾਰੀ ਗੁਰਵਿੰਦਰ ਸਿੰਘ, ਨਿਰਭੈ ਸਿੰਘ ,ਰਾਜਦੀਪ ਸ਼ਰਮਾ, ਨਿਰਪਾਲ ਸਿੰਘ, , ਰਾਹੁਲ ਕੁਮਾਰ ਨਵਦੀਪ ਕਾਠ, ਨਿਰਪਾਲ ਸਿੰਘ ,ਜਸਕਰਨ ਸਿੰਘ, ਕ੍ਰਿਸ਼ਨ ਕੁਮਾਰ, ਕੁਲਦੀਪ ਸਿੰਘ, ਜਗਦੀਸ਼ ਰਾਏ , ਗੁਰਿੰਦਰਜੀਤ ਸ਼ਰਮਾ, ਅਮਰੀਕ ਸਿੰਘ, ਵਿਸ਼ਾਲ, ਅਧਿਆਪਕ ਪੁਨੀਤ ਕੁਮਾਰ ਮਿਸ਼ਰਾ ਸਿੰਘ ਅਤੇ ਮੁਕੇਸ਼ ਕੁਮਾਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਪੋਸਟਰ ਮੇਕਿੰਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਪਰਮਿੰਦਰ ਤਾਂਗੜੀ ਅਤੇ ਵਾਈਸ ਪ੍ਰਿੰਸੀਪਲ ਗਗਨਪ੍ਰੀਤ ਵਰਮਾ ਨੇ ਸਿਹਤ ਟੀਮ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।