ਪੁਰਾਣੇ ਡੀਜ਼ਲ ਆਟੋ ਚਾਲਕਾਂ ਵੱਲੋਂ “ਰਾਹੀ ਸਕੀਮ” ਅਧੀਨ ਈ-ਆਟੋ ਲੈਣ ਦੇ ਨਾਲ ਸਰਕਾਰੀ ਸਬਸਿਡੀ ਅਤੇ ਸਹੂਲਤਾਂ ਦਾ ਲਿਆ ਜਾ ਰਿਹਾ ਭਰਪੁਰ ਲਾਭ
ਅੰਮ੍ਰਿਤਸਰ 10 ਅਪ੍ਰੈਲ (ਪਵਿੱਤਰ ਜੋਤ) : ਸਮਾਰਟ ਸਿਟੀ ਸੀ.ਈ.ਓ.-ਕਮ-ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਇਕ ਪ੍ਰੈਸ ਰਲੀਜ਼ ਰਾਂਹੀਂ ਦੱਸਿਆ ਕਿ ਸਰਕਾਰ ਦੀ ਪੁਰਾਣੇ ਡੀਜ਼ਲ ਆਟੋ ਨੂੰ ਬਦਲਕੇ ਉਸ ਦੀ ਥਾਂ ਤੇ ਈ-ਆਟੋ ਚਲਾਉਣ ਦੀ “ਰਾਹੀ ਸਕੀਮ” ਪ੍ਰਤੀ ਪੁਰਾਣੇ ਡੀਜ਼ਲ ਆਟੌ ਚਾਲਕਾਂ ਦਾ ਰੁਝਾਣ ਵਧ ਰਿਹਾ ਹੈ ਅਤੇ ਪ੍ਰਾਪਤ ਆਂਕੜਿਆ ਮੁਤਾਬਿਕ ਈ-ਆਟੋ ਲੈਣ ਲਈ ਦਰਖਾਸਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਪੁਰਾਣੇ ਡੀਜ਼ਲ ਆਟੋ ਚਾਲਕਾਂ ਵੱਲੋਂ “ਰਾਹੀ ਸਕੀਮ” ਅਧੀਨ ਈ-ਆਟੋ ਲੈਣ ਦੇ ਨਾਲ ਸਰਕਾਰੀ ਸਬਸਿਡੀ ਅਤੇ ਸਹੂਲਤਾਂ ਦਾ ਭਰਪੁਰ ਲਾਭ ਲਿਆ ਜਾ ਰਿਹਾ ਹੈ। ਕਮਿਸ਼ਨਰ ਰਿਸ਼ੀ ਨੇ ਦੱਸਿਆ ਪਹਿਲਾਂ ਤੋਂ ਚਲਾ ਰਹੇ ਪੁਰਾਣੇ ਡੀਜ਼ਲ ਆਟੋ ਜੋ ਕਿ ਕੰਡਮ ਹਾਲਤ ਵਿਚ ਹੋ ਚੁੱਕੇ ਹਨ ਅਤੇ ਜਿਸ ਦੇ ਚਾਲਕ ਮਾਲੀ ਵਸੀਲੇ ਨਾ ਹੋਣ ਕਰਕੇ ਨਵਾਂ ਆਟੋ ਨਹੀ ਲੈ ਪਾ ਰਹੇ ਸਨ, ਇਹ ਰਾਹੀ ਸਕੀਮ ਉਹਨਾਂ ਦੇ ਰੁਜ਼ਗਾਰ ਲਈ ਜੀਵਨਦਾਨ ਲੈਕੇ ਆਈ ਹੈ, ਕਿਊਜੋ ਇਸ ਸਕੀਮ ਅਧੀਨ ਪੁਰਾਣੇ ਡੀਜ਼ਲ ਆਟੋ ਨੂੰ ਸਕਰੈਪ ਪਾਲਿਸੀ ਅਧੀਨ ਦੇਕੇ ਅਤੇ ਜ਼ੀਰੋ ਡਾਉਨ ਪੇਮੈਂਟ ਤੇ ਬੈਂਕ ਦੀਆਂ ਆਸਾਨ ਕਿਸ਼ਤਾਂ ਨਾਲ ਈ-ਆਟੋ ਇਕ ਦਿਨ ਵਿਚ ਹੀ ਹਾਸਲ ਕੀਤਾ ਜਾ ਸਕਦਾ ਹੈ, ਸਿਰਫ਼ ਸ਼ਰਤ ਇਹੋ ਹੀ ਹੈ ਕਿ ਡੀਜ਼ਲ ਆਟੋ ਚਾਲਕ ਅੰਮ੍ਰਿਤਸਰ ਸ਼ਹਿਰ ਦਾ ਨਿਵਾਸੀ ਹੋਣਾ ਚਾਹੀਦਾ ਹੈ ਅਤੇ ਉਸਦਾ ਆਟੋ ਪੀ.ਬੀ.02 ਨੰਬਰ ਨਾਲ ਰਜਿਸਟਰਡ ਹੋਵੇ, ਤੇ ਇਹਨਾਂ ਸ਼ਰਤਾਂ ਤੇ ਹੀ 1.40 ਲੱਖ ਰੁਪਏ ਦੀ ਕੈਸ਼ ਸਬਸਿਡੀ ਹਾਸਲ ਕੀਤੀ ਜਾ ਸਕਦੀ ਹੈ ਅਤੇ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। “ਰਾਹੀ ਸਕੀਮ” ਅਧੀਨ ਪੁਰਾਣੇ ਡੀਜ਼ਲ ਆਟੋ ਚਾਲਕ ਲਈ ਨਵੇਂ ਈ-ਆਟੋ ਦੀ ਕੀਮਤ ਤਕਰੀਬਨ ਅੱਧੀ ਹੀ ਰਹੀ ਜਾਂਦੀ ਹੈ ਜਿਸ ਨਾਲ ਉਹ ਆਪਣਾ ਰੋਜ਼ਗਾਰ ਜਾਰੀ ਰੱਖਣ ਦੇ ਨਾਲ-ਨਾਲ ਆਪਣੀ ਗੱਡੀ ਨੂੰ ਅਪਗ੍ਰੇਡ ਕਰ ਸਕਦਾ ਹੈ ਅਤੇ ਕੈਸ ਸਬਸਿਡੀ, ਸਰਕਾਰੀ ਸਕੀਮਾਂ ਦੇ ਲਾਭ ਦੇ ਨਾਲ-ਨਾਲ ਘਰ ਦੀ ਇਕ ਔਰਤ ਲਈ ਹੁਨਰ ਵਿਕਾਸ ਸਕੀਮ ਅਧੀਨ ਵੱਖ-ਵੱਖ ਕੋਰਸਾਂ ਦੀ ਸਿਖਲਾਈ ਦੇ ਲਾਭ ਹਾਸਲ ਕਰ ਸਕਦਾ ਹੈ।
ਕਮਿਸ਼ਨਰ ਰਿਸ਼ੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿਸ ਹਿਸਾਬ ਨਾਲ ਈ-ਆਟੋ ਲੈਣ ਦਾ ਰੁਝਾਣ ਵੱਧ ਰਿਹਾ ਹੈ ਉਸ ਵਾਸਤੇ ਚਾਰਜਿੰਗ ਸਟੇਸ਼ਨਾਂ ਦੀ ਵੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਥਾਂਵਾਂ ਤੇ ਈ-ਚਾਰਜਿੰਗ ਸਟੇਸ਼ਨਾਂ ਦਾ ਨਿਰਮਾਣ ਕੀਤੇ ਜਾਣ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਿਸ ਦਾ ਆਉਣ ਵਾਲੇ ਦਿਨਾਂ ਵਿਚ ਰਸਮੀ ਤੌਰ ਤੇ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਈ-ਆਟੋ ਦੀ ਪਾਰਕਿੰਗ ਲਈ ਪ੍ਰਮੁੱਖ ਥਾਂਵਾਂ ਤੇ ਸ਼ੈਡਾਂ ਤੋਂ ਇਲਾਵਾ ਨਿਗਮ ਦੀਆਂ ਪਾਰਕਿੰਗਾਂ ਵਿਚ ਵੀ ਈ-ਆਟੋ ਦੀ ਫ਼੍ਰੀ ਪਾਰਕਿੰਗ ਦੀ ਸੁਵਿਧਾ ਦਿੱਤੀ ਜਾਵੇਗੀ। ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਇਸ ਸਮੇਂ ਅੰਮ੍ਰਿਤਸਰ ਵਿਖੇ ਰੋਜਾਨਾ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਯਾਤਰੂ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾ ਲਈ ਆਉਦੇ ਹਨ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਵਪਾਰਿਕ ਹੱਬ ਹੋਣ ਦੇ ਨਾਲ-ਨਾਲ ਇੱਥੇ ਅੰਤਰਰਾਸ਼ਟ੍ਰੀਯ ਹਵਾਈ ਅੱਡਾ ਵੀ ਹੈ ਪਰ ਇਹਨਾਂ ਪੁਰਾਣੇ ਡੀਜ਼ਲ ਆਟੋਆਂ ਦੇ ਚੱਲਣ ਨਾਲ ਜਿੱਥੇ ਹਵਾ ਵਿਚ ਪ੍ਰਦੂਸ਼ਨ ਹੁੰਦਾ ਹੈ ਉਥੇ ਨੋਇਜ਼ ਪ੍ਰਦੂਸ਼ਨ ਵੀ ਹੁੰਦਾ ਹੈ। ਸਰਕਾਰ ਦਾ “ਰਾਹੀ ਸਕੀਮ” ਅਧੀਨ ਇਹੋ ਮੰਤਵ ਹੈ ਕਿ ਸ਼ਹਿਰ ਨੂੰ ਹਰ ਤਰ੍ਹਾ ਨਾਲ ਪ੍ਰਦੂਸ਼ਨਮੁੱਕਤ ਕੀਤਾ ਜਾਵੇ ਅਤੇ ਸ਼ਹਿਰਵਾਸੀਆਂ ਅਤੇ ਬਾਹਰੋ ਆਉਣ ਵਾਲੇ ਸ਼ਰਧਾਲੂਆਂ/ਯਾਤਰੂਆਂ ਨੂੰ ਸਾਫ਼-ਸੁਥਰਾ ਤੇ ਹਰਾ-ਭਰਾ ਵਾਤਾਵਰਣ ਮਿਲ ਸਕੇ।