ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ਦੇ ਦਰਾਂ ’ਤੇ ਜਾ ਕੇ ਕੀਤਾ ਜਾ ਰਿਹਾ ਨਿਪਟਾਰਾ-ਵਧੀਕ ਡਿਪਟੀ ਕਮਿਸ਼ਨਰ

0
38

ਭੀਖੀ ਵਿਖੇ ਜਨ ਸੁਣਵਾਈ ਕੈਂਪ ’ਚ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
ਬਹੁਤੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ

ਬੁਢਲਾਡਾ, 27 ਜਨਵਰੀ (ਦਵਿੰਦਰ ਸਿੰਘ ਕੋਹਲੀ) : ਪੰਜਾਬ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ’ਤੇ ਜਾ ਕੇ ਹੱਲ ਕਰਨ ਲਈ ਹਮੇਸ਼ਾ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਦਾ ਹੱਲ ਜਨ ਸੁਣਵਾਈ ਕੈਂਪ ਲਗਾ ਕੇ ਕੀਤਾ ਜਾ ਰਿਹਾ ਹੈ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਉਪਕਾਰ ਸਿੰਘ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਭੀਖੀ ਵਿਖੇ ਲਗਾਏ ਕੈਂਪ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਕੀਤਾ। ਉਨ੍ਹਾਂ ਲੋਕਾਂ ਦੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਸੁਣੀਆਂ। ਉਨ੍ਹਾਂ ਵੱਲੋਂ ਜਿੱਥੇ ਬਹੁਤੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ, ਉੱਥੇ ਹੀ ਕਈ ਹੋਰ ਸਮੱਸਿਆਵਾਂ ਦੇ ਯੋਗ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੂੰ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਗਈਆਂ, ਜਿੰਨ੍ਹਾਂ ਚ ਰਾਸ਼ਨ ਕਾਰਡ, ਆਟਾ-ਦਾਲ, ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਆਦਿ ਸ਼ਾਮਲ ਸਨ। ਕੈਂਪ ਦੌਰਾਨ ਕੁੱਲ 8 ਦਰਖ਼ਾਸਤਾਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 19 ਦਸੰਬਰ, 2022 ਅਤੇ 04 ਜਨਵਰੀ, 2023 ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ, ਭੀਖੀ ਵਿਖੇ ਕੈਂਪ ਲਗਾਏ ਗਏ ਸਨ। ਹੁਣ ਤੱਕ ਪ੍ਰਾਪਤ ਕੁੱਲ 48 ਦਰਖ਼ਾਸਤਾਂ ਵਿਚੋਂ 23 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ 25 ਦਰਖ਼ਾਸਤਾਂ ਦਾ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ।
ਇਸ ਕੈਂਪ ਦੌਰਾਨ ਨਾਇਬ ਤਹਿਸੀਲਦਾਰ ਭੀਖੀ ਸ੍ਰੀ ਮਨਮੋਹਨ ਸਿੰਘ, ਸੁਪਰਡੰਟ ਸ੍ਰੀ ਅਮਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਵਿਅਕਤੀਆਂ ਸਮੇਤ ਆਮ ਲੋਕ ਹਾਜ਼ਰ ਸਨ।

NO COMMENTS

LEAVE A REPLY