ਪਾਰਦਰਸ਼ਤਾ ਦੀ ਆੜ ਵਿਚ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਮਾੜੀ ਨਜ਼ਰ ਨਾ ਰੱਖਣ ਦੀ ਦਿੱਤੀ ਸਲਾਹ
ਸ਼੍ਰੋਮਣੀ ਕਮੇਟੀ ਵਿਚ ਕਾਬਲ ਅਧਿਕਾਰੀਆਂ ਨੂੰ ਬਗੈਰ ਕਿਸੇ ਸਿਆਸੀ ਦਬਾਅ ਦੇ ਕੰਮ ਕਰਨ ਦੀ ਖੁੱਲ ਦੇ ਕੇ ਸੰਸਥਾ ’ਚ ਸੁਧਾਰ ਲਿਆਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ
ਅੰਮ੍ਰਿਤਸਰ 12 ਦਸੰਬਰ (ਰਾਜਿੰਦਰ ਧਾਨਿਕ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੈਰ ਮੌਜੂਦਗੀ ਵਿਚ ਉਸ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਖ਼ਜ਼ਾਨਾ ਅਧਿਕਾਰੀਆਂ ਨੂੰ ਆਪਣੇ ਤੌਰ ’ਤੇ ਤਲਬ ਕਰਨ ਦੇ ਕੀ ਅਰਥ ਹਨ? ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਦਖ਼ਲ ਨਾ ਦੇਣ ਦੀ ਨਸੀਹਤ ਦੇਣ ਵਾਲਾ ਦੱਸੇ ਕਿ ਕੀ ਇਹ ਸਿਆਸੀ ਦਖ਼ਲ ਅੰਦਾਜ਼ੀ ਨਹੀਂ ?
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਆਮਦਨ ਤੇ ਖ਼ਰਚ ਦਾ ਲੇਖਾ ਜੋਖਾ ਆਨਲਾਈਨ ਕਰਨ ਅਤੇ ਪਾਰਦਰਸ਼ਤਾ ਲਿਆਉਣ ਦੀ ਆੜ ਹੇਠ ਕਿਸੇ ਹੋਰ ਆਪਣੇ ਚਹੇਤੇ ਚਾਰਟਰਡ ਅਕਾਊਂਟੈਂਟ ਕੰਪਨੀ ਦੀ ਕਮੇਟੀ ’ਚ ਐਂਟਰੀ ਕਰਵਾ ਕੇ ਇਕ ਵਾਰ ਫਿਰ ਗੁਰੂਘਰਾਂ ਦੇ ਖ਼ਜ਼ਾਨੇ ’ਤੇ ਆਪਣਾ ਕੰਟਰੋਲ ਮੁੜ ਸਥਾਪਤ ਕਰਨ ਲਈ ਤਰਲੋਮੱਛੀ ਹਨ। ਜੇ ਅਜਿਹਾ ਹੈ ਤਾਂ ਉਸ ਦਾ ਸੰਗਤ ਸਖਤ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਦਲ ਨੇ ਆਪਣੀਆਂ ਗ਼ਲਤੀਆਂ ਤੋਂ ਕਦੀ ਸਬਕ ਨਹੀਂ ਸਿੱਖਿਆ। ਸਿੰਘ ਸਾਹਿਬਾਨਾਂ ਨੂੰ ਸਰਕਾਰੀ ਰਿਹਾਇਸ਼ ਵਿੱਚ ਤਲਬ ਕਰਨ ਅਤੇ ਉਨ੍ਹਾਂ ਤੋਂ ਸਿਆਸੀ ਲਾਭ ਲੈਣ ਲਈ ਕਰਵਾਏ ਗਏ ਗ਼ਲਤ ਫ਼ੈਸਲੇ ਨੇ ਅਕਾਲੀ ਦਲ ਨੂੰ ਡੋਬ ਕੇ ਰੱਖ ਦਿੱਤਾ। ਸੁਖਬੀਰ ਦੀ ਚਹੇਤੀ ਐਸ ਐਸ ਕੋਹਲੀ ਚਾਰਟਰਡ ਅਕਾਊਂਟੈਂਟ ਕੰਪਨੀ ਦੀਆਂ ਅਣਗਹਿਲੀਆਂ ਅਤੇ ਇਸ ਫਰਮ ਦੁਆਰਾ ਸਮੇਂ ਸਿਰ ਖਾਤਿਆਂ ਦਾ ਕੰਪਿਊਟਰੀਕਰਨ ਨਾ ਕਰਨ ਸਦਕਾ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਗੁੰਮ ਹੋਣ ਦੀ ਘਟਨਾ ਨੂੰ ਟਾਲਿਆ ਨਹੀਂ ਜਾ ਸਕਿਆ। ਇੱਥੋਂ ਤਕ ਕਿ ਭਾਈ ਈਸ਼ਰ ਸਿੰਘ ਜਾਂਚ ਕਮੇਟੀ ਨੇ ਫਰਮ ਨੂੰ ਉਕਤ ਅਪਰਾਧ ਵਿੱਚ ਭਾਈਵਾਲ ਵੀ ਗਰਦਾਨਿਆ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਨਿਰਦੇਸ਼ ਦੇ ਬਾਵਜੂਦ ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ ਅਗਸਤ 2020 ਵਿਚ ਸ਼੍ਰੋਮਣੀ ਕਮੇਟੀ ਨੇ ਸੇਵਾਵਾਂ ਬੰਦ ਕਰਦਿਆਂ ਉਸ ਫਰਮ ਤੋਂ 75 ਫ਼ੀਸਦੀ ਸਰਵਿਸ ਚਾਰਜ ਵਸੂਲਣ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ’ਤੇ ਕੋਈ ਅਮਲ ਹੋਇਆ ਜਾਂ ਨਹੀਂ, ਉਸ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੋਵੇ ਇਹ ਅੱਜ ਵੀ ਬੁਝਾਰਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਜਾਇਜ਼ ਤਨਖ਼ਾਹਾਂ ਚੁਭ ਰਹੀਆਂ ਹਨ ਜਦੋਂ ਕਿ ਉਸ ਦੇ ਚਹੇਤੇ ਕੋਹਲੀ ਫਰਮ ਨੂੰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਅੰਦਰੂਨੀ ਆਡਿਟ ਕਰਵਾਉਣ ਲਈ ਜਨਵਰੀ 2009 ਵਿੱਚ ਸਾਢੇ ਤਿੰਨ ਲੱਖ ਰੁਪਏ ਦੇ ਮਾਸਿਕ ਠੇਕੇ ‘ਤੇ ਨਿਯੁਕਤ ਕੀਤਾ ਗਿਆ ਸੀ ਅਤੇ ਕਮੇਟੀ ਲਈ ਬਹੁਤ ਘੱਟ ਕੰਮ ਕਰਨ ਦੇ ਬਾਵਜੂਦ ਇਕ ਦਹਾਕੇ ਤਕ ਇਕ ਮੋਟੀ ਰਕਮ ਉਸ ਫਰਮ ਨੂੰ ਦਿੱਤੀ ਜਾਂਦੀ ਰਹੀ। ਉਨ੍ਹਾਂ ਸੁਖਬੀਰ ਬਾਦਲ ਨੂੰ 3 ਲੱਖ ਰੁਪਏ ਮਾਸਿਕ ਵਿੱਚ ਕਮੇਟੀ ’ਚ ਚੀਫ਼ ਸਕੱਤਰ ਥੋਪਣ ਦਾ ਵੀ ਯਾਦ ਕਰਾਇਆ। ਉਨ੍ਹਾਂ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਕਮੇਟੀ ਵਿਚ ਤਿੰਨ- ਤਿੰਨ ਦਹਾਕਿਆਂ ਤੋਂ ਸੇਵਾ ਕਰ ਰਹੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ’ਤੇ ਭੈੜੀ ਨਜ਼ਰ ਨਾ ਪਾਉਣ ਦੀ ਗਲ ਆਖਦਿਆਂ ਕਿਹਾ ਕਿ ਮੁਲਾਜ਼ਮ ਬੰਧੂਆ ਮਜ਼ਦੂਰ ਨਹੀਂ ਹਨ, ਕਿ ਜਿਨ੍ਹਾਂ ਦੀਆਂ ਤਨਖ਼ਾਹਾਂ ਮਨ ਮਰਜ਼ੀ ਨਾਲ ਕੱਟੀਆਂ ਜਾਣਗੀਆਂ। ਮੁਲਾਜ਼ਮਾਂ ਨੂੰ ਤਨਖ਼ਾਹਾਂ ਨਿਰਧਾਰਿਤ ਨਿਯਮਾਂ ਅਨੁਸਾਰ ਦਿੱਤੀਆਂ ਜਾਂਦੀ ਹਨ। ਨਿਯਮਾਂ ’ਚ ਕਿਸੇ ਤਰਾਂ ਦੀ ਵੱਡੀ ਸੋਧ ਜਨਰਲ ਹਾਊਸ ਵਿਚ ਮਤਾ ਪਾਸ ਕਰਦਿਆਂ ਗ੍ਰਹਿ ਵਿਭਾਗ ਰਾਹੀਂ ਪਾਰਲੀਮੈਂਟ ’ਚ ਪਾਸ ਹੋਣ ਉਪਰੰਤ ਹੀ ਲਾਗੂ ਕੀਤੀ ਜਾ ਸਕਦੀ ਹੈ। ਉਨ੍ਹਾਂ ਸੁਖਬੀਰ ਨੂੰ ਨਸੀਹਤ ਦਿੱਤੀ ਕਿ ਉਹ ਚੋਣਾਂ ’ਚ ਹੋਈਆਂ ਹਾਰਾਂ ਅਤੇ ਅਕਾਲੀ ਦਲ ਦੇ ਪਤਨ ਦਾ ਬਦਲਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ’ਤੋਂ ਭਾਰੀ ਮਾਲੀ ਨੁਕਸਾਨ ਦਿਵਾ ਕੇ ਨਾ ਲੈਣ। ਉਨ੍ਹਾਂ ਇਕ ਨਿਮਾਣੇ ਸਿੱਖ ਵਜੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਕਮੇਟੀ ਵਿਚ ਕਾਬਲ ਅਧਿਕਾਰੀਆਂ ਦੀ ਕੋਈ ਕਮੀ ਨਹੀਂ ਹੈ, ਜਿਨ੍ਹਾਂ ਨੂੰ ਕਿਸੇ ਸਿਆਸੀ ਦਬਾਅ ਦੇ ਬਗੈਰ ਕੰਮ ਕਰਨ ਦੀ ਖੁੱਲ ਦਿੰਦਿਆਂ ਕਮੇਟੀ ਅਤੇ ਇਸ ਨਾਲ ਸੰਬੰਧਿਤ ਸੰਸਥਾਵਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਦੀ ਜ਼ਿਮੀਦਾਰੀ ਦਿੱਤੀ ਜਾਣੀ ਚਾਹੀਦੀ ਹੈ।