ਚੰਡੀਗੜ੍ਹ/ਅੰਮ੍ਰਿਤਸਰ10 ਜਨਵਰੀ (ਪਵਿੱਤਰ ਜੋਤ): ਪੰਜਾਬ ਦੇ ਸਮੂਹ ਪੀ.ਸੀ.ਐਸ.ਅਧਿਕਾਰੀਆਂ ਦੀ ਹੜਤਾਲ ਰੂਪੀ ਛੁੱਟੀ ‘ਤੇ ਜਾਣ ਕਾਰਨ ਪੰਜਾਬ ਦੀ ਜਨਤਾ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਭਰ ‘ਚ ਸੂਬੇ ‘ਤੋਂ ਲੈ ਕੇ ਸਰਕਲ ਪੱਧਰ ਤੱਕ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇI
ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਪੀ.ਸੀ.ਐੱਸ.ਅਧਿਕਾਰੀਆਂ ਦੇ ਸਮੂਹਿਕ ਰੂਪ ‘ਚ ਛੁੱਟੀ ‘ਤੇ ਜਾਣ ਕਾਰਨ ਪੰਜਾਬ ਦੀ ਆਮ ਜਨਤਾ ਨੂੰ ਹੋਣ ਵਾਲੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਭਾਜਪਾ ਸਰਕਲ ਪੱਧਰ ਤੱਕ ਪੰਜਾਬ ਸਰਕਾਰ ਖਿਲਾਫ਼ ਰੋਸ-ਪ੍ਰਦਰਸ਼ਨ ਅਤੇ ਪੁਤਲੇ ਫੂੰਕ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ, ਜਿਸ ਦੇ ਚੱਲਦਿਆਂ 11 ਜਨਵਰੀ 2023 ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ ‘ਤੋਂ ਭਾਜਪਾ ਪੰਜਾਬ ਭਰ ਦੇ ਸਾਰੇ ਸਰਕਲਾਂ ‘ਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਪੁਤਲੇ ਫੂਂਕੇ ਜਾਣਗੇ। ਉਨ੍ਹਾਂ ਸਮੂਹ ਭਾਜਪਾ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸਰਗਰਮੀ ਨਾਲ ਵਧ-ਚੜ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।