ਕਾਂਗਰਸ ਨਾ ਹੁੰਦੀ ਤਾਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਵੀ ਨਾ ਹੁੰਦਾ ਅਤੇ ਨਾ ਹੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਨਸਲਕੁਸ਼ੀ ਹੁੰਦੀ
ਰਾਹੁਲ ਦਾ ਸਿਆਸੀ ਸਟੰਟ ਵੀ ਕਾਂਗਰਸ ਦੇ ਪਤਨ ਨੂੰ ਨਹੀਂ ਰੋਕ ਸਕੇਗਾ। ਪੱਪੂ ਕੋਲ ਨਾ ਕਾਬਲੀਅਤ ਹੈ ਨਾ ਹੀ ਦੇਸ਼ ਲਈ ਆਰਥਿਕ ਮਾਡਲ
ਅੰਮ੍ਰਿਤਸਰ 10 ਜਨਵਰੀ (ਪਵਿੱਤਰ ਜੋਤ) : ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਭਾਰਤ ਜੋੜੋ ਯਾਤਰਾ ਬਨਾਮ ਕਾਂਗਰਸ ਬਚਾਓ ਯਾਤਰਾ ’ਤੇ ਨਿਕਲੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੱਥਾ ਟੇਕਣ ਸਮੇਂ ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਜੂਨ ’84 ਵਿਚ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਲਈ ਪਸ਼ਚਾਤਾਪ ਨਾ ਕਰਨ ਲਈ ਆੜੇ ਹੱਥੀਂ ਲਿਆ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਮਨੁੱਖਾਂ ਲਈ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ , ਪਰ ਕੀ ਕਿਸੇ ਵੀ ਕਾਂਗਰਸੀ ਨੇ ਰਾਹੁਲ ਗਾਂਧੀ ਨੂੰ ਇਹ ਨਹੀਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਹੈ। ਜਿਸ ਨੂੰ ਕਾਂਗਰਸ ਸਰਕਾਰ ਨੇ ਬੰਬਾਂ ਨਾਲ ਤਹਿਸ ਨਹਿਸ ਕਰਨ ਤੋਂ ਇਲਾਵਾ ਸਿਆਸੀ ਮੰਤਵ ਲਈ ਹਿੰਦੂ- ਸਿੱਖ ਭਾਈਚਾਰਕ ਸਾਂਝ ਨੂੰ ਤੋੜਨ ਦਾ ਪਾਪ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਲਾਭ ਲਈ ਦੇਸ਼ ਦੇ ਹਿਤਾਂ ਨੂੰ ਦਾਅ ’ਤੇ ਲਾਉਣ ਵਾਲੀ ਕਾਂਗਰਸ ਲੋਕਾਂ ਤੋਂ ਬਹੁਤ ਦੂਰ ਹੋ ਚੁੱਕੀ ਹੈ, ਭਾਰਤ ਜੋੜੋ ਯਾਤਰਾ ਵਰਗੇ ਸਿਆਸੀ ਸਟੰਟ ਵੀ ਕਾਂਗਰਸ ਦੇ ਪਤਨ ਨੂੰ ਨਹੀਂ ਰੋਕ ਸਕੇਗੀ। ਦੇਸ਼ ’ਤੇ 60 ਸਾਲ ਰਾਜ ਕਰਨ ਵਾਲੀ ਕਾਂਗਰਸ ਨੇ ਦੇਸ਼ ਭਰ ’ਚ ਭਾਈਚਾਰਿਆਂ ਦੀ ਵੰਡ ਨੂੰ ਉਤਸ਼ਾਹਿਤ ਕੀਤਾ, ਜਿਸ ਕਾਰਨ ਲੋਕਾਂ ਦਾ ਬਹੁਤ ਪਹਿਲਾਂ ਹੀ ਇਸ ਕਾਂਗਰਸ ਤੋਂ ਭਰੋਸਾ ਉੱਠ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀਆਂ ਦੀਆਂ ਉਦਾਰ ਨੀਤੀਆਂ ਅਤੇ ਗਤੀਸ਼ੀਲ ਅਗਵਾਈ ਕਾਰਨ ਦੇਸ਼ ਦਾ ਵਿਕਾਸ ਗਤੀ ਫੜ ਚੁੱਕੀ ਹੈ ਅਤੇ ਜਿਸ ਕਾਰਨ ਦੇਸ਼ ਦਾ ਸਿਆਸੀ ਸਮੀਕਰਨ ਪੂਰੀ ਤਰਾਂ ਬਦਲ ਚੁੱਕਿਆ ਹੈ। ਰਾਹੁਲ ਹੁਣ ਜਿੰਨਾ ਮਰਜ਼ੀ ਪਸ਼ਚਾਤਾਪ ਯਾਤਰਾ ਕੱਢ ਲੈਣ ਉਸ ਨੂੰ ਸਤਾ ਨਸੀਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਰਾਹੁਲ ਵੱਲੋਂ ਬਚਕਾਨਾ ਬਿਆਨਬਾਜ਼ੀ ਨਾਲ ਦੇਸ਼ ਭਰ ’ਚ ਨਫ਼ਰਤ ਫੈਲਾਉਣ ਤੋਂ ਇਲਾਵਾ ਸਮਾਜ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਇਹ ਕੋਈ ਕਿਉਂ ਨਹੀਂ ਸਮਝਾਂ ਰਿਹਾ ਕਿ ਨਵੰਬਰ ’84 ਵਿੱਚ ਯੋਜਨਾਬੱਧ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਉੱਚ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਰਿਹਾ । ਉਨ੍ਹਾਂ ਇੱਥੋਂ ਤਕ ਕਿਹਾ ਕਿ ਜੇ ਕਾਂਗਰਸ ਨਾ ਹੁੰਦੀ ਤਾਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਵੀ ਨਾ ਹੁੰਦਾ ਅਤੇ ਨਾ ਹੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਨਸਲਕੁਸ਼ੀ ਹੁੰਦੀ। ਉਨ੍ਹਾਂ ਰਾਹੁਲ ਨੂੰ ਸਲਾਹ ਦਿੱਤੀ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਇੱਥੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਪੱਪੂ ਵਜੋਂ ਜਾਣੇ ਜਾਂਦੇ ਰਾਹੁਲ ਗਾਂਧੀ ਕੋਲ ਬੇਅਸੂਲੀ ਰਾਜਨੀਤੀ ਤੋਂ ਸਿਵਾ ਨਾ ਕੋਈ ਕਾਬਲੀਅਤ ਹੈ ਨਾ ਹੀ ਦੇਸ਼ ਲਈ ਕੋਈ ਵੀ ਸਾਰਥਿਕ ਆਰਥਿਕ ਮਾਡਲ ਹੈ। ਉਨ੍ਹਾਂ ਕਿਹਾ ਕਿ ਰਾਹੁਲ ਪਹਿਲਾਂ ਵੀ ਦੇਸ਼ ਦਾ ਦੌਰਾ ਕਰਦਿਆਂ ਗ਼ਰੀਬਾਂ ਦੇ ਘਰਾਂ ’ਚ ਖਾਣਾ ਖਾਣ ਤੇ ਰਾਤਾਂ ਬਿਤਾਉਣ ਦੀ ਨੌਟੰਕੀ ਕਰ ਚੁੱਕਿਆ ਹੈ। ਪਰ ਆਪਣੀ ਅਨਾੜੀਪਣ ਦਾ ਮੁਜ਼ਾਹਰਾ ਕਰਨ ਤੋਂ ਉਹ ਨਹੀਂ ਰਹਿ ਸਕਿਆ ਸੀ। ਅੱਜ ਕਾਂਗਰਸ ’ਚ ਮਜ਼ਬੂਤ ਹੋ ਚੁੱਕੀ ਵੰਸ਼ਵਾਦੀ ਸਿਆਸਤ ਤੋਂ ਅੱਕੇ ਕਾਂਗਰਸ ਦੇ ਤਜਰਬੇਕਾਰ ਤੇ ਸੀਨੀਅਰ ਆਗੂ ਕਾਂਗਰਸ ਨੂੰ ਛੱਡ ਰਹੇ ਹਨ।