ਕੇਂਦਰੀ ਸਹਾਇਤਾ ਬਿਨਾ ਪੰਜਾਬ ਸਰਕਾਰ ਆਪਣੇ ਬਲਬੂਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਨਾਕਾਮ। ਮੁੱਖ ਮੰਤਰੀ ਦੀ ਮੰਗ ’ਤੇ ਕੇਂਦਰ ਸਰਕਾਰ ਅਮਨ ਸ਼ਾਂਤੀ ਦੀ ਬਹਾਲੀ ’ਚ ਸਹਿਯੋਗ ਦੇਣ ਲਈ ਸਦਾ ਵਚਨਬੱਧ।
ਅੰਮ੍ਰਿਤਸਰ 22 ਮਾਰਚ ( ਪਵਿੱਤਰ ਜੋਤ) : ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਵਿਚ ਪੈਦਾ ਹੋਈ ਅਰਾਜਕਤਾ ’ਤ ਚਿੰਤਾ ਜ਼ਾਹਿਰ ਕੀਤੀ ਅਤੇ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਪ੍ਰਤੀ ਤੁਰੰਤ ਪ੍ਰਭਾਵ ਨਾਲ ਜਾਂਚ ਕਰਨ ਤੋਂ ਬਾਅਦ ਬੇਕਸੂਰ ਨੌਜਵਾਨਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਰਾਜਾਂ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਰਾਜ ਦਾ ਵਿਸ਼ਾ ਹੈ। ਇਸ ਲਈ ਜੇਕਰ ਕਿਸੇ ਵੀ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੂਬਾ ਸਰਕਾਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਵਿਚ ਪੂਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ। ਇਸੇ ਕਰਕੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ ਤੋਂ ਕੇਂਦਰੀ ਸੁਰੱਖਿਆ ਫੋਰਸ ਦੀ ਮੰਗ ਕੀਤੀ। ਕੇਂਦਰ ਨੇ ਮੁੱਖ ਮੰਤਰੀ ਦੀ ਮੰਗ ਅਨੁਸਾਰ ਸਹਾਇਤਾ ਭੇਜ ਕੇ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ’ਤੇ ਐਨ ਐਸ ਏ ਲਾਉਣ ਅਤੇ ਕਈਆਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਭੇਜਣ ਦਾ ਫ਼ੈਸਲਾ ਵੀ ਸੂਬਾ ਸਰਕਾਰ ਦਾ ਹੀ ਹੈ। ਇਸ ਦੌਰਾਨ ਇਕ ਗਲ ਤਾਂ ਸਾਫ਼ ਤੇ ਸਪਸ਼ਟ ਹੈ ਕਿ ਪੰਜਾਬ ਸਰਕਾਰ ਕੇਂਦਰੀ ਸਹਾਇਤਾ ਬਿਨਾ ਆਪਣੇ ਬਲਬੂਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਦਿੱਲੀ ਦੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਰਾਜ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਨਾ ਸਰਹੱਦੀ ਸੂਬੇ ਲਈ ਅਤੇ ਸਿੱਖ ਨੌਜਵਾਨਾਂ ਦੇ ਹਿਤ ਵਿਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੌਜੂਦਾ ਪ੍ਰਸੰਗ ’ਤੇ ’ਹਮ ਦੇਸ਼ ਭਗਤ ਲੋਕ ਹੈ’ ਕਹਿ ਕੇ ਪੰਜਾਬੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕਿ ਹਰ ਕੋਈ ਜਾਣ ਦਾ ਹੈ ਕਿ ਪੰਜਾਬ ਅਤੇ ਸਿੱਖ ਕੌਮ ਨੇ ਦੇਸ਼ ਦੀ ਅਜ਼ਾਦੀ ਲਈ 90 ਫ਼ੀਸਦੀ ਸਿਰ ਦਿੱਤੇ ਹਨ। ਕੀ ਪੰਜਾਬੀ ਅਤੇ ਸਿੱਖਾਂ ਤੋਂ ਵੱਧ ਕੋਈ ਹੋਰ ਦੇਸ਼ ਭਗਤ ਹੋ ਸਕਦੇ ਹਨ? ਉਨ੍ਹਾਂ ਕੇਜਰੀਵਾਲ ਦੇ ਉਸ ਦਾਅਵੇ ਨੂੰ ਵੀ ਪੂਰੀ ਤਰਾਂ ਰੱਦ ਕੀਤਾ ਜਿਸ ਵਿਚ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਵਿਚ ਨਸ਼ੇ ਖ਼ਤਮ ਕਰਨ ਅਤੇ ਗੈਂਗਸਟਰਾਂ ’ਤੇ ਕਾਬੂ ਪਾ ਲੈਣ ਦਾ ਦਾਅਵਾ ਕੀਤਾ ਸੀ।
ਪ੍ਰੋ: ਸਰਚਾਂਦ ਸਿੰਘ ਨੇ ਅੱਗੇ ਕਿਹਾ ਕਿ ਸਿੱਖ ਇਕ ਅਮਨ ਪਸੰਦ ਕੌਮ ਹਨ। ਉਨਾਂ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੀ ਯੋਜਨਾ ਮੁਤਾਬਿਕ ਕੁਝ ਖ਼ਾਲਿਸਤਾਨ ਪੱਖੀ ਲੋਕਾਂ ਦੁਆਰਾ ਆਸਟ੍ਰੇਲੀਆ ਦੇ ਕੈਨਬਰਾ ’ਚ ਵਿਰੋਧ ਪ੍ਰਦਰਸ਼ਨ ਤੋਂ ਇਲਾਵਾ ਲੰਡਰ ਸਥਿਤ ਭਾਰਤੀ ਹਾਈ ਕਮਿਸ਼ਨ ’ਚ ਭਾਰਤੀ ਰਾਸ਼ਟਰੀ ਝੰਡੇ- ਤਿਰੰਗੇ ਦਾ ਅਪਮਾਨ ਕਰਕੇ ਅਤੇ ਯੂ ਐਸ ਏ ’ਚ ਸਾਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਭੰਨ ਤੋੜ ਦੀ ਕਾਰਵਾਈ ਕਰਕੇ ਸਿੱਖ ਭਾਈਚਾਰੇ ਦੀ ਛਵੀ ਖ਼ਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਤੱਤਾਂ ਵੱਲੋਂ ਗੁਮਰਾਹ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਪਹਿਲਾਂ ਸਹੀ ਰਾਹ ’ਤੇ ਵਾਪਸ ਲੈ ਕੇ ਆਉਣਾ ਸਾਡਾ ਸਭ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਇਸ ਕਾਰਜ ਲਈ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਅਖੀਰ ’ਚ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਨਾਕਾਮੀ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਵਾਲੇ ਮਾਹੌਲ ਕਾਰਨ ਸਭ ਲੋਕ ਸਹਿਮੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਕਿਸੇ ਵੀ ਹਿੰਸਾ ਦੇ ਵਰਤਾਰੇ ਜਾਂ ਮਾਡਲ ਨਾਲ ਸਹਿਮਤ ਨਹੀਂ ਹੈ ਫਿਰ ਵੀ ਉਨ੍ਹਾਂ ਵੱਲੋਂ ਗੁਮਰਾਹ ਕੀਤੇ ਗਏ ਨੌਜਵਾਨਾਂ ਨਾਲ ਪੂਰੀ ਹਮਦਰਦੀ ਰੱਖਦਾ ਹੈ। ਉਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਪ੍ਰਤੀ ਤੁਰੰਤ ਪ੍ਰਭਾਵ ਨਾਲ ਜਾਂਚ ਕਰਨ ਤੋਂ ਬਾਅਦ ਬੇਕਸੂਰ ਨੌਜਵਾਨਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।