ਮੰਗਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਨੂੰ ਦਿੱਤਾ ਜਾਵੇਗਾ ਮੰਗ ਪੱਤਰ
____________
ਅੰਮ੍ਰਿਤਸਰ,17 ਦਸੰਬਰ (ਅਰਵਿੰਦਰ ਵੜੈਚ)- ਨਗਰ ਨਿਗਮ ਅੰਮ੍ਰਿਤਸਰ ਵਿਖੇ ਮੁਲਾਜ਼ਮਾਂ ਵੱਲੋਂ ਮੁਲਾਜ਼ਮਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਨਿਗਮ ਯੂਨੀਅਨਾਂ ਵੱਲੋਂ ਬੈਠਕ ਕੀਤੀ ਗਈ। ਜਿਸ ਵਿੱਚ ਨਗਰ ਨਿਗਮ ਕਰਮਚਾਰੀਆਂ ਦੀਆਂ ਮੰਗਾਂ ਤੇ ਵਿਚਾਰ ਚਰਚਾ ਨੂੰ ਲੈ ਕੇ ਨਗਰ ਨਿਗਮ ਕਰਮਚਾਰੀ ਏਕਤਾ ਸੰਗਠਨ (ਇੰਟਕ), ਭਾਰਤੀਯ ਸਫ਼ਾਈ ਸੈਨਿਕ ਦਲ,ਸੀਵਰੇਜ ਇੰਪਲਾਈਜ਼ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ।
ਬੈਠਕ ਦੇ ਦੌਰਾਨ ਪ੍ਰਧਾਨ ਸੁਰਿੰਦਰ ਸ਼ਰਮਾਂ ਸੋਨੂੰ, ਪ੍ਰਧਾਨ ਅਸ਼ੋਕ ਹੰਸ,ਪ੍ਰਧਾਨ ਨਰੇਸ਼ ਕੁਮਾਰ ਰਾਜੂ, ਚੇਅਰਮੈਨ ਰਵਿੰਦਰਪਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਦੇ ਸਫ਼ਾਈ ਅਤੇ ਸੀਵਰੇਜ਼ ਕਰਮਚਾਰੀਆਂ ਦੇ ਨਾਲ ਕਈ ਮੁਲਾਜ਼ਮਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ,ਜੋ ਨਿੰਦਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਛੇਤੀ ਹੀ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਸਫ਼ਾਈ ਸੇਵਕ,ਸੀਵਰੇਜਮੈਨ,,ਬੇਲਦਾਰ ਅਤੇ ਸੇਵਾਦਾਰਾਂ ਦਾ ਸਰਵਿਸ ਰਿਕਾਰਡ ਆਨਲਾਈਨ ਕਰਨਾ ਬਹੁਤ ਜ਼ਰੂਰੀ ਹੈ। ਹਰ ਕੈਟੀਗਰੀ ਦੇ ਕਰਮਚਾਰੀਆਂ ਦੀ ਬਣਦੀ ਤਰੱਕੀ ਕੀਤੀ ਜਾਵੇ। ਮੁਲਾਜ਼ਮਾਂ ਦੇ ਮੈਡੀਕਲ ਕਾਰਡ ਬਣਵਾਏ ਜਾਣ। ਜ਼ਿਲ੍ਹਾ ਮੁਲਾਜ਼ਮਾਂ ਦੇ ਪੀ.ਐਫ ਦੀ ਜਗ੍ਹਾ ਸੀ.ਪੀ.ਐਫ ਕੱਟਿਆ ਜਾਂਦਾ ਹੈ,ਉਨਾਂ ਨੂੰ ਦਸੰਬਰ 2022 ਤੱਕ ਦੀ ਸਟੇਟਮੈਂਟ ਸਲਿਪ ਜਾਰੀ ਕੀਤੀ ਜਾਵੇ।
ਇਸ ਮੌਕੇ ਤੇ ਮੁਨੀਸ਼ ਮੁੰਨਾ,ਵਿਰੋਚਨ ਮੱਟੂ,ਦਲਬੀਰ ਮਜੀਠੀਆ,ਵਿਕਰਮ ਗਿੱਲ,ਸੁਖਦੇਵ ਸਿੰਘ, ਜਗਦੀਪ ਸਿੰਘ,ਹਰਮਨਜੋਤ ਸਿੰਘ, ਮਹੇਸ਼ ਅਟਵਾਲ,ਗਿਰਜਾ ਸ਼ੰਕਰ, ਦਵਿੰਦਰ ਬਾਬਾ ਸਮੇਤ ਕਈ ਕਰਮਚਾਰੀ ਮੌਜੂਦ ਸਨ।