ਬੁਢਲਾਡਾ, 17 ਦਸੰਬਰ (ਦਵਿੰਦਰ ਸਿੰਘ ਕੋਹਲੀ)ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਸ਼੍ਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ੍ਦੀ ਅਤੇ ਡਾ ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਵਿਚ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਗੁਰਚੇਤਨ ਪ੍ਰਕਾਸ਼ ਦੀ ਰਹਿਨੁਮਾਈ ਅਧੀਨ ਹੇਠਲੇ ਪੱਧਰ ਤਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਸ ਲੜੀ ਵਿੱਚ ਸ਼ੀਤ ਲਹਿਰ ਤੋਂ ਬਚਾਅ ਸਬੰਧੀ ਸਿਹਤ ਸਲਾਹਕਾਰੀ ਜਾਰੀ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ ਗੁਰਚੇਤਨ ਪ੍ਰਕਾਸ਼ ਨੇ ਕਿਹਾ ਕਿ ਸਰਦ ਰੁੱਤ ਦੇ ਮੌਸਮ ਵਿੱਚ ਲਗਾਤਾਰ ਘੱਟ ਹੋ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਪਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਬਹੁਤ ਘੱਟ ਤਾਪਮਾਨ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਹਾਈਪੋਥਰਮੀਆ, ਫਰੋਸਟਬਾਈਟ ਚਿਲਬਲੇਨ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਲੰਮਾ ਸਮਾਂ ਬਹੁਤ ਘੱਟ ਤਾਪਮਾਨ ਵਿਚ ਰਹਿਣ ਨਾਲ ਵਿਅਕਤੀ ਹਾਈਪੋਥਰਮੀਆਂ ਦਾ ਸ਼ਿਕਾਰ ਹੋ ਸਕਦਾ ਹੈ ਜਿਸ ਵਿੱਚ ਸਰੀਰ ਠੰਡਾ ਪੈ ਜਾਂਦਾ ਹੈ, ਕਾਂਬਾ ਲਗਦਾ ਹੈ ਤੇ ਸਰੀਰ ਨੂੰ ਬਹੁਤ ਜਿਆਦਾ ਥਕਾਵਟ ਹੋ । ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜ਼ੁਬਾਨ ਦੀ ਥਰਥਰਾਹਟ ਤੋਂ ਇਲਾਵਾ ਵਿਅਕਤੀ ਦੀ ਯਾਦਾਸ਼ਤ ਵੀ ਜਾਂ ਸਕਦੀ ਹੈ ਜੋ ਕਿ ਬਹੁਤ ਹੀ ਖਤਰਨਾਕ ਹੁੰਦੀ ਹੈ। ਇਸੇ ਤਰਾਂ ਹੀ ਬਹੁਤ ਘੱਟ ਤਾਪਮਾਨ ਵਿਚ ਲੰਮਾ ਸਮਾਂ ਰਹਿਣ ਨਾਲ ਹੋਣ ਵਾਲਾ ਫਰੋਸਟ ਬਾਈਟ ਅਤੇ ਚਿਲਬਲੇਨ ਜਿਸ ਵਿੱਚ ਹੱਥ ਪੈਰ ਨੀਲ ਪੈ ਜਾਂਦੇ ਹਨ, ਚਮੜੀ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਸਿਵਲ ਸਰਜਨ ਨੇ ਸੁਚੇਤ ਕੀਤਾ ਕਿ ਸ਼ੀਤ ਲਹਿਰ ਤੋਂ ਬਚਾਅ ਲਈ ਢੁਕਵੇਂ ਅਹਿਤਿਆਤੀ ਪ੍ਰਬੰਧ ਕਰਨੇ ਬਹੁਤ ਜ਼ਰੂਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ੀਤ ਲਹਿਰ ਤੋਂ ਬਚਾਅ ਲਈ ਢੁਕਵੇਂ ਸਰਦੀਆਂ ਵਾਲੇ ਕੱਪੜੇ ਪਹਿਣ ਜਾਣ, ਜਿੰਨਾ ਸੰਭਵ ਹੋ ਸਕੇ ਬਾਹਰ ਜਾਣ ਤੋਂ ਬਚਿਆ ਜਾਵੇ ਅਤੇ ਫਲੂ ਵਰਗੇ ਲੱਛਣ ਦਿਸਣ ‘ਤੇ ਘਰ ਵਿੱਚ ਹੀ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਮੌਸਮ ਬਾਰੇ ਚਿਤਾਵਨੀਆਂ ਲਈ ਮੌਸਮ ਪੂਰਵ ਅਨੁਮਾਨਾਂ ਦੀ ਜਾਣਕਾਰੀ ਲਈ ਸੰਚਾਰ ਸਾਧਨਾ ਨਾਲ ਰਾਬਤਾ ਰੱਖਿਆ ਜਾਵੇ, ਗਰਮ ਤਰਲ ਪਦਾਰਥਾਂ ਦਾ ਵਧੇਰੇ ਸੇਵਨ ਕੀਤਾ ਜਾਵੇ ਅਤੇ ਬਜ਼ੁਰਗਾਂ ਤੇ ਬੱਚਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਕਮਰਿਆਂ ਵਿੱਚ ਰੂਮ ਹੀਟਰ ਦੀ ਵਰਤੋਂ ਸਮੇਂ ਹਵਾ ਦੀ ਢੁਕਵੀਂ ਆਵਾਜਾਈ ਬਹੁਤ ਜ਼ਰੂਰੀ ਹੈ ਤਾਂ ਜੋ ਆਕਸੀਜਨ ਦੀ ਕਮੀ ਕਾਰਨ ਹੋਣ ਵਾਲੇ ਨੁਕਸਾਨਾਂ ਤੇ ਬਚਿਆ ਜਾ ਸਕੇ। ਉਨ੍ਹਾਂ ਅੰਗੀਨੀ, ਕੋਰਸੀਨ ਆਦਿ ਦੀ ਵਰਤੋਂ ਤੋਂ ਗੁਰੇਜ ਕਰਨ ਲਈ ਕਿਹਾ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ।