ਸ੍ਰੀ ਹੇਮਕੁੰਟ ਰੋਪਵੇਅ ਪ੍ਰਧਾਨ ਮੰਤਰੀ ਮੋਦੀ ਦਾ ਕੌਮ ਨੂੰ ਇਕ ਹੋਰ ਵੱਡਾ ਤੋਹਫ਼ਾ : ਪ੍ਰੋ. ਸਰਚਾਂਦ ਸਿੰਘ ਖਿਆਲਾ, ਜਸਪਾਲ ਸਿੰਘ ਸਿੱਧੂ

0
11

ਅੰਮ੍ਰਿਤਸਰ 22 ਅਕਤੂਬਰ (ਪਵਿੱਤਰ ਜੋਤ) :  ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਤਿਆਰ ਕਰਨ ਪ੍ਰਤੀ ਸਿੱਖ ਕੌਮ ਨੂੰ ਇਕ ਹੋਰ ਤੋਹਫ਼ਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੱਤੀ ਹੈ ।
ਉਨ੍ਹਾਂ ਕਿਹਾ ਕਿ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ 1163 ਕਰੋੜ ਲਾਗਤ ਨਾਲ ਬਣਨ ਵਾਲਾ 14 ਕਿੱਲੋਮੀਟਰ ਦਾ ਰੋਪਵੇਅ ਸ੍ਰੀ ਕਰਤਾਰ ਪੁਰ ਲਾਂਘੇ ਅਤੇ ਵੀਰ ਬਾਲ ਦਿਵਸ ਤੋਂ ਬਾਅਦ ਸਿੱਖ ਪੰਥ ਲਈ ਇਕ ਹੋਰ ਵੱਡੀ ਪ੍ਰਾਪਤੀ ਹੈ। ਜੋ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਿੱਖ ਪੰਥ ਪ੍ਰਤੀ ਸੁਹਿਰਦਤਾ ਦਾ ਸਬੂਤ ਤੇ ਪ੍ਰਗਟਾਵਾ ਹੈ। ਜਿਸ ਦੀ ਸਭ ਨੂੰ ਪ੍ਰਸੰਸਾ ਤੇ ਸ਼ਲਾਘਾ ਕਰਨੀ ਚਾਹੀਦੀ ਹੈ। ਸਮੁੰਦਰੀ ਤੱਟ ਤੋਂ 13650 ਫੁੱਟ ’ਤੇ ਸਥਿਤ ਬੇਹੱਦ ਸੁੰਦਰ ਅਤੇ ਰਮਣੀਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਬਲੇ ਜਨਮ ਦਾ ਤਪ ਸਥਾਨ ਹੈ। ਇਸ ਕਾਰਨ ਸਿੱਖ ਸੰਗਤਾਂ ਵਿਚ ਇਸ ਪ੍ਰਤੀ ਬੜੀ ਭਾਰੀ ਸ਼ਰਧਾ ਅਤੇ ਆਸਥਾ ਹੈ। ਰੋਪਵੇਅ ਦੇ ਮੁਕੰਮਲ ਹੋਣ ਨਾਲ ਯਾਤਰਾ ਦਾ ਸਮਾਂ ਘੱਟ ਕੇ 45 ਮਿੰਟ ਰਹਿ ਜਾਵੇਗਾ। ਜਿਸ ਨਾਲ ਹੁਣ ਉਹ ਸ਼ਰਧਾਲੂ ਵੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਸੁਖਾਲੇ ਕਰ ਸਕਣਗੇ ਜੋ ਉਮਰ ਜਾਂ ਸਰੀਰਕ ਤਕਾਜ਼ੇ ਕਾਰਨ ਪੈਦਲ ਉੱਪਰ ਜਾਣ ਜਾਂ ਘੋੜਿਆਂ ਦੀ ਸਵਾਰੀ ਕਰਨ ’ਚ ਅਸਮਰਥ ਹਨ। ਆਵਾਜਾਈ ਦੇ ਇਸ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਨਾ ਕੇਵਲ ਧਾਰਮਿਕ ਸੈਰ ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ ਸਗੋਂ ਪਹਾੜੀ ਖੇਤਰ ਵਿਚ ਜਨਜੀਵਨ ਅਤੇ ਆਵਾਜਾਈ ਵੀ ਸੁਖਾਲੀ ਹੋ ਜਾਵੇਗੀ। ਉਤਰਾਖੰਡ ਦੇ ਵਿਕਾਸ ਅਤੇ ਆਰਥਿਕਤਾ ਵਿਚ ਵੀ ਤੇਜ਼ੀ ਆਵੇਗੀ ਅਤੇ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ ।
ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਭਾਈ ਜਸਪਾਲ ਸਿੰਘ ਸਿੱਧੂ ਨੇ ਦਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੂ ਧਰਮ ਦੇ ਬਾਰਾਂ ਜਯੋਤਿਰਲਿੰਗਾਂ ਵਿਚੋਂ ਇਕ ਕੇਦਾਰਨਾਥ ਮੰਦਿਰ ਲਈ ਗੌਰੀਕੁੰਡ ਤੋਂ ਬਣਨ ਵਾਲੇ ਰੋਪਵੇਅ ਦੇ ਨਾਲ ਨਾਲ ਸ੍ਰੀ ਹੇਮਕੁੰਟ ਸਾਹਿਬ ਲਈ ਵੀ ਰੋਪਵੇਅ ਦਾ ਇੱਕੋ ਸਮੇਂ ਨੀਂਹ ਪੱਥਰ ਰੱਖਦਿਆਂ ਇਸ ਗਲ ਦਾ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਨਜ਼ਰਾਂ ਅਤੇ ਦਿਲ ’ਚ ਸਿੱਖ ਵੀ ਉੱਨਾ ਹੀ ਸਤਿਕਾਰ ਹੈ ਜਿਨਾ ਹਿੰਦੂਆਂ ਦਾ । ਅਜਿਹਾ ਪ੍ਰਬੰਧ ਹਿੰਦੂ ਅਤੇ ਸਿੱਖ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰੇਗਾ ਅਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਵੀ ਸਿੱਖ ਕੌਮ ਲਈ ਅਨੇਕਾਂ ਕੰਮ ਕੀਤੇ ਹਨ। ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਸਤਿਆਂ ਅਤੇ ਚੌਗਿਰਦੇ ਨੂੰ ਸੁੰਦਰ ਅਤੇ ਸੰਗਤ ਲਈ ਸੁਵਿਧਾਜਨਕ ਬਣਾਇਆ ਜਾਣਾ ਚਾਹੀਦਾ ਹੈ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਤਰਾਂ ਸਿਆਸੀ ਫ਼ੈਸਲਾ ਲੈਣ ਦੀ ਸਮਰੱਥਾ ਰਖਦੇ ਹਨ, ਜੇਕਰ ਉਹ ਪੰਜਾਬ ਅਤੇ ਸਿੱਖ ਪੰਥ ਦੀਆਂ ਚਿਰੋਕਣੀ ਮੰਗਾਂ ਨੂੰ ਹੱਲ ਕਰਨ ਲੲ. ਯਤਨ ਕਰਨਗੇ ਤਾਂ ਸਿੱਖ ਪੰਥ ਉਸ ਦਾ ਸਦਾ ਰਿਣੀ ਰਹੇਗਾ। ਇਨਾਂ ’ਚ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁਦਾ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ ਅਤੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਪ੍ਰਮੁੱਖਤਾ ਨਾਲ ਸ਼ਾਮਿਲ ਹਨ। ਉਨ੍ਹਾਂ ਪੰਜਾਬ ਵਿਚ ਸਿੱਖਾਂ ਨੂੰ ਵਿਸ਼ੇਸ਼ ਸਿਆਸੀ ਸਟੇਟਸ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸਿੱਖਾਂ ਨੂੰ ਸੰਤੁਸ਼ਟ ਅਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।

NO COMMENTS

LEAVE A REPLY