ਬੁਢਲਾਡਾ, 12 ਅਕਤੂਬਰ ( ਦਵਿੰਦਰ ਸਿੰਘ ਕੋਹਲੀ) -ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਠਾਈਆਂ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ ਤੇ ਪੂਰੇ ਪੰਜਾਬ ਦੇ ਵਿਚ ਮਿਠਾਈਆਂ ਵਿੱਚ ਮਿਲਾਵਟੀ ਚੀਜਾਂ ਮਿਲਾਕੇ ਓਹਨੂੰ ਵੇਖਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਨੂੰ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੇਗੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਅਤੇ ਚੇਅਰਮੈਨ ਜੀਤ ਦਹੀਆ ਨੇ ਕਿਹਾ ਕਿ ਮਿਠਾਈ ਵੇਚਣ ਵਾਲੇ ਮਿਲਾਵਟੀ ਅਤੇ ਦੂਸ਼ਿਤ ਖਾਣ-ਪੀਣ ਵਾਲੀਆਂ ਵਸਤੂਆਂ ਵੇਚ ਕੇ ਆਪਣੀਆਂ ਜੇਬਾਂ ਗਰਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।ਗੁਰਕੀਰਤ ਸਿੰਘ ਬੇਦੀ ਅਤੇ ਜੀਤ ਦਹੀਆ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੀਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਜ਼ਿਲ੍ਹੇ ਦੀਆਂ ਮਿਠਾਈਆਂ ਦੀਆਂ ਦੁਕਾਨਾਂ ‘ਤੇ ਵੱਡੀ ਗਿਣਤੀ ‘ਚ ਮਿਲਾਵਟੀ ਮਿਠਾਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਹੋਣ ਦਾ ਖਤਰਾ ਵੱਧ ਗਿਆ ਹੈ ਕਿਉਂਕਿ ਇਸ ਸੀਜ਼ਨ ‘ਚ ਸਭ ਤੋਂ ਵੱਧ ਮਿਠਾਈਆਂ ਹੀ ਵਿਕਦੀਆਂ ਹਨ। ਅਜਿਹੇ ‘ਚ ਹੁਣ ਤੱਕ ਖੁਰਾਕ ਵਿਭਾਗ ਖਾਣ-ਪੀਣ ਦੀਆਂ ਵਸਤੂਆਂ ‘ਚ ਮਿਲਾਵਟ ਦੀ ਖਤਰਨਾਕ ਖੇਡ ਨੂੰ ਰੋਕਣ ‘ਚ ਕਾਮਯਾਬ ਨਹੀਂ ਹੋ ਸਕਿਆ ਹੈ। ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ ਪਰ ਮਿਲਾਵਟਖੋਰਾਂ ਨੂੰ ਸਲਾਖਾਂ ਪਿੱਛੇ ਨਹੀਂ ਡੱਕਿਆ ਜਾ ਰਿਹਾ ਹੈ। ਇਸ ਸਮੱਸਿਆ ਦੇ ਮੱਦੇਨਜ਼ਰ ਉਨ੍ਹਾਂ ਦੀ ਐਂਟੀ ਕਰਪਸ਼ਨ ਐਸੋਸੀਏਸ਼ਨ ਇੰਡੀਆ ਵਲੋਂ ਇਨ੍ਹਾਂ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।ਗੁਰਕੀਰਤ ਸਿੰਘ ਬੇਦੀ ਅਤੇ ਜੀਤ ਦਹੀਆ ਨੇ ਕਿਹਾ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਠੱਗੀ ਮਾਰ ਰਹੇ ਹਨ, ਉਨ੍ਹਾਂ ਨੂੰ ਕਾਨੂੰਨੀ ਤੌਰ ਤੇ ਸਜ਼ਾ ਦਿਵਾਈ ਜਾਵੇਗੀ।ਗੁਰਕੀਰਤ ਸਿੰਘ ਬੇਦੀ ਅਤੇ ਜੀਤ ਦਹੀਆ ਨੇ ਕਿਹਾ ਕਿ ਅੱਜ ਕੱਲ੍ਹ ਮਿਠਾਈਆਂ ਵੇਚਣ ਵਾਲੇ ਦੁਕਾਨਦਾਰ ਆਪਣੀਆਂ ਮਿਠਾਈਆਂ ਨੂੰ ਚਮਕਦਾਰ ਅਤੇ ਰੰਗੀਨ ਬਣਾਉਣ ਲਈ ਮਾਰੂ ਰਸਾਇਣਕ ਰੰਗਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਰੰਗਾਂ ਤੋਂ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਜੇਕਰ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਇਹ ਸਮੱਸਿਆ ਜਿੱਥੇ ਭਿਆਨਕ ਰੂਪ ਧਾਰਨ ਕਰ ਲਵੇਗੀ, ਉੱਥੇ ਹੀ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰੇਗੀ। ਇਨ੍ਹਾਂ ਗੱਲਾਂ ‘ਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਨੇ ਮਿਲਾਵਟਖੋਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਅਜੇ ਵੀ ਠੀਕ ਹੋ ਜਾਣ, ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।