ਪਾਕਿਸਤਾਨ `ਚ ਘੱਟ ਗਿਣਤੀਆਂ ਤੇ ਅਤਿਆਚਾਰ ਬੇਰੋਕ ਜਾਰੀ: ਨਿਹੰਗ ਸਿੰਘ ਬਾਬਾ ਬਲਬੀਰ ਸਿੰਘ 96 ਕਰੋੜੀ

0
22

ਅੰਮ੍ਰਿਤਸਰ:- 12 ਅਕਤੂਬਰ (ਪਵਿੱਤਰ ਜੋਤ) ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਪਾਕਿਸਤਾਨ `ਚ ਗੁਰਦੁਆਰਿਆਂ `ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਅਤੇ ਘੱਟ ਗਿਣਤੀਆਂ ਨਾਲ ਹੋ ਰਹੀ ਧੱਕੇ ਸ਼ਾਹੀ ਨੂੰ ਰੋਕਣ ਲਈ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਨੂੰ ਕਿਹਾ ਕਿ ਉਹ ਪਾਕਿਸਤਾਨ ‘ਚ ਸਿੱਖਾਂ, ਹਿੰਦੂ, ਈਸਾਈ ਭਾਈਚਾਰਿਆਂ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਪਾਕਿਸਤਾਨ ਸਰਕਾਰ `ਤੇ ਕੂਟਨੀਤਕ ਠੋਸ ਦਬਾਅ ਬਨਾਉਣ।
ਉਨ੍ਹਾਂ ਕਿਹਾ ਕਿ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਮਨੀ ਸਿੰਘ, ਗੁ. ਭਾਈ ਤਾਰੂ ਸਿੰਘ ਤੇ ਨਾਜਾਇਜ਼ ਕਬਜ਼ਿਆਂ ਬਾਰੇ ਖੁਲਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਉੱਥੋਂ ਦੀ ਮੀਡੀਆ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਵੱਖ-ਵੱਖ ਪੁਲਸ ਥਾਣਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਪਾਕਿਸਤਾਨ `ਚ ਅੰਦਰ ਘੱਟਗਿਣਤੀ ਭਾਈਚਾਰੇ `ਤੇ ਲਗਾਤਾਰ ਵਧ ਰਹੇ ਹਮਲਿਆਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਿੰਧ ਦੇ ਲਰਕਾਨਾ ਦੇ ਘਾਸਪੀੜ੍ਹੀ ਇਲਾਕੇ `ਚ ਵਾਲਮੀਕਿ ਭਾਈਚਾਰੇ ਨੂੰ ਪੂਜਾ ਪਾਠ ਵੀ ਨਹੀਂ ਕਰਨ ਦਿੱਤਾ ਗਿਆ। ਇਸ ਭਾਈਚਾਰੇ ਨੂੰ ਸੜਕਾਂ `ਤੇ ਉਤਰ ਕੇ ਪਾਕਿਸਤਾਨ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕਰਨੀ ਪਈ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ `ਚ ਦੋ ਹਫ਼ਤਿਆਂ `ਚ ਚੌਥੀ ਹਿੰਦੂ ਲੜਕੀ ਨੂੰ ਅਗਵਾ ਕਰਦਿਆਂ ਜ਼ਬਰਦਸਤੀ ਇਸਲਾਮ ਧਰਮ ਪਰਿਵਰਤਨ ਕਰਾਇਆ ਗਿਆ ਹੈ। ਮੀਰਪੁਰ-ਖਾਸ ਦੀ ਹਿੰਦੂ ਲੜਕੀ ਨੂੰ ਅਗਵਾ ਕਰਨ ਉਪਰੰਤ ਉਸ ਦਾ ਨਿਕਾਹ ਇਕ ਮੁਸਲਮਾਨ ਨਾਲ ਜਬਰੀ ਕਰ ਦਿੱਤਾ ਗਿਆ। ਨਾਸਰਪੁਰ ਤੋਂ ਅਗਵਾ ਹੋਈ ਲੜਕੀ 14 ਸਾਲ ਦੀ ਸੀ। ਸਿੰਧ ਦੇ ਬਾਰਪਰਕਾਰ ਦੇ ਕਸਬਾ ਛਛਰੇ ਦੇ ਨੇੜਲੇ ਪਿੰਡ ਚੱਪਰ ਦੀਨਸ਼ਾਹ `ਚ ਇਕ ਹਿੰਦੂ ਲੜਕੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ, ਇਸ ਤੋਂ ਪਹਿਲਾਂ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ ‘ਚ ਸਿੱਖ ਅਧਿਆਪਕਾ ਦੀਨਾ ਕੌਰ ਨੂੰ ਅਗਵਾ ਕਰਕੇ ਜ਼ਬਰਦਸਤੀ ਕਿਸੇ ਮੁਸਲਮਾਨ ਨਾਲ ਨਿਕਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਹੁਣ ਇਕ ਮਾਸੂਮ ਲੜਕੇ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਦਫੈਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵਸਦੇ ਘੱਟ ਗਿਣਤੀ ਭਾਈਚਾਰੇ ਦੀ ਜਾਨਮਾਲ ਦੀ ਰਾਖੀ ਕਰਨੀ ਪਾਕਿਸਤਾਨ ਸਰਕਾਰ ਦਾ ਪਹਿਲਾਂ ਫਰਜ਼ ਹੈ। ਪਰ ਜਿਸ ਤਰ੍ਹਾਂ ਘਟਨਾ ਵਾਪਰ ਰਹੀਆਂ ਹਨ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਪਾਕਿਸਤਾਨ ਸਰਕਾਰ ਇਸ ਪੱਖ ਵੱਲ ਧਿਆਨ ਨਹੀ ਦੇ ਰਹੀ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਨੂੰ ਕਿਹਾ ਕਿ ਉਹ ਅਸਰ ਰਸੂਖ ਵਰਤ ਕੇ ਇਨ੍ਹਾਂ ਘਟਨਾਵਾਂ ਤੇ ਰੋਕਥਾਮ ਕਰਵਾਉਣ।

NO COMMENTS

LEAVE A REPLY