ਅੰਮ੍ਰਿਤਸਰ: 30 ਸਤੰਬਰ ( ਪਵਿੱਤਰ ਜੋਤ) : ਗੁ: ਮੱਲ ਅਖਾੜਾ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ ਦੂਸਰੀ ਸ਼ਤਾਬਦੀ ਨੂੰ ਸਮਰਪਿਤ ਅੰਮ੍ਰਿਤਸਰ ਦੀਆਂ ਸਮੂਹ ਸੇਵਾ ਸੁਸਾਇਟੀਆਂ ਵਲੋਂ ਚਲ ਰਹੇ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਨਿਰੰਤਰ ਚਲ ਰਹੇ ਹਨ। ਬੀਬੀ ਹਰਜੀਤ ਕੌਰ, ਮਾਤਾ ਗੰਗਾ ਜੀ ਸੁਖਮਨੀ ਸੇਵਾ ਸੁਸਾਇਟੀ, ਗਲੀ ਗੁਜਰਾਂਵਾਲੀ ਅਤੇ ਬੀਬੀ ਗੁਰਚਰਨ ਕੌਰ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਚੌਂਕ ਮੰਨਾ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸਮੂਲੀਅਤ ਕੀਤੀ ਅਤੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਸ਼ਬਦਾਂ ਨਾਲ ਗੁਰੂਮਹਿਮਾ ਗਾਇਨ ਕੀਤੀ।
ਬੁੱਢਾ ਦਲ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਪ੍ਰੇਰਨਾ ਸਦਕਾ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਚਾਰ ਜੁਲਾਈ ਤੋਂ ਇਸ ਪਾਵਨ ਅਸਥਾਨ ਤੇ ਕੀਰਤਨ ਤੇ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਲਗਾਤਾਰ ਨਿਰਵਿਘਨ ਚੱਲ ਰਹੀ ਹੈ। ਬੀਬੀ ਗੁਰਚਰਨ ਕੌਰ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਚੌਂਕ ਮੰਨਾ ਸਿੰਘ ਤੇ ਬੀਬੀ ਹਰਜੀਤ ਕੌਰ ਮਾਤਾ ਗੰਗਾ ਜੀ ਸੁਖਮਨੀ ਸੇਵਾ ਸੁਸਾਇਟੀ, ਗਲੀ ਗੁਜਰਾਂਵਾਲੀ ਦੀ ਅਗਵਾਈ ਵਿੱਚ ਸਮੂਹਿਕ ਤੌਰ ਤੇ ਬੀਬੀਆਂ ਨੇ ਗੁਰੂ ਜਸ ਗਾਇਨ ਕੀਤਾ। ਅਕਤੂਬਰ ਮਹੀਨੇ ਵਿੱਚ ਕਿਹੜੀਆਂ-ਕਿਹੜੀਆਂ ਸੁਖਮਨੀ ਸੇਵਾ ਸੁਸਾਇਟੀਆਂ ਸੇਵਾ ਨਿਭਾਉਣਗੀਆਂ ਦੀ ਸੂਚੀ ਵੀ ਨਿਰਧਾਰਤ ਕਰ ਦਿੱਤੀ ਗਈ ਹੈ। ਸੁਖਮਨੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਤੇ ਸ਼ਬਦ ਕੀਰਤਨ ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਲਾਲ ਸਿੰਘ ਤੇ ਭਾਈ ਅਮਰੀਕ ਸਿੰਘ ਵੱਲੋਂ ਬੀਬੀ ਗੁਰਚਰਨ ਕੌਰ ਤੇ ਹਰਜੀਤ ਕੌਰ ਨੂੰ ਸਿਰਪਾਓ ਦੀ ਬਖਸ਼ਿਸ਼ ਕੀਤੀ ਗਈ। ਬੁੱਢਾ ਦਲ ਵੱਲੋਂ ਚਾਹ ਮੱਠੀਆਂ ਸਮੋਸਿਆਂ ਦੀ ਸੇਵਾ ਕੀਤੀ ਗਈ।