ਦਬੁਰਜੀ ਕੋਲਡ ਸਟੋਰ ਨੂੰ ਲੱਗੀ ਅੱਗ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਮੁੱਖ ਮੰਤਰੀ ਨੂੰ ਦੇਵਾਂਗਾ – ਰਮਦਾਸ

0
20

ਅਮੋਨੀਆ ਗੈਸ ਰਿਸਣ ਦੀ ਸੂਰਤ ਵਿੱਚ ਮੂੰਹ ਅਤੇ ਅੱਖਾਂ ਨੂੰ ਗਿੱਲੇ ਕੱਪੜੇ ਨਾਲ ਢੱਕੋ – ਐਸ.ਡੀ.ਐਮ.
ਅੰਮ੍ਰਿਤਸਰ 30 ਅਗਸਤ (ਪਵਿੱਤਰ ਜੋਤ) : ਬੀਤੇ ਦਿਨੀ ਦਬੁਰਜੀ ਵਿਖੇ ਕੋਲਡ ਸਟੋਰ ਨੂੰ ਲੱਗੀ ਅੱਗ ਨੂੰ 45 ਘੰਟਿਆਂ ਦੀ ਲਗਾਤਾਰ ਜੱਦੋ-ਜਹਿਦ ਤੋਂ ਬਾਅਦ ਵੀ ਬੁਝਾਇਆ ਨਹੀਂ ਜਾ ਸਕਿਆ ਅਤੇ ਅਜੇ ਤੱਕ ਅੰਦਰ ਪਿਆ ਸਾਮਾਨ ਵਾਰ-ਵਾਰ ਪਾਣੀ ਪਾਉਣ ਤੇ ਵੀ ਅੱਗ ਫੱੜ੍ਹ ਰਿਹਾ ਹੈ। ਮੈਂ ਇਸ ਨੁਕਸਾਨ ਦੀ ਰਿਪੋਰਟ ਮੁੱਖ ਮੰਤਰੀ ਪੰਜਾਬ ਨਾਲ ਸਾਂਝੀ ਕਰਾਂਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਮੌਕੇ ਦਾ ਜਾਇਜਾ ਲੈਣ ਮੌਕੇ ਕੀਤਾ। ਉਨਾਂ ਦੱਸਿਆ ਕਿ ਅੰਦਰ ਪਏ ਸਾਮਾਨ ਵਿੱਚ ਬਾਦਾਮ, ਕਾਜੂ, ਖਸਖਸ, ਮਿਰਚਾ ਆਦਿ ਕੀਮਤੀ ਸਾਮਾਨ ਲਗਭੱਗ ਸੜ੍ਹ ਚੁੱਕਾ ਹੈ ਅਤੇ ਇਮਾਰਤ ਵੀ ਅੱਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ, ਜੋ ਕਿ ਕਿਸੇ ਵੇਲੇ ਵੀ ਢਹਿ ਸਕਦੀ ਹੈ। ਉਨਾਂ ਅੱਗ ਬੁਝਾਊ ਅਮਲੇ, ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਸਰਾਹਨਾ ਕੀਤੀ। ਸ: ਰਮਦਾਸ ਨੇ ਕਿਹਾ ਕਿ ਅੱਗ ਬੁਝਾਊ ਅਮਲਾ ਲਗਾਤਾਰ ਪਾਣੀ ਪਾ ਰਿਹਾ ਹੈ, ਪਰ ਅੰਦਰ ਜਾਣ ਦਾ ਕੋਈ ਰਾਹ ਨਾ ਬਚਿਆ ਹੋਣ ਕਾਰਨ ਅੱਗ ਨਹੀਂ ਬੁੱਝ ਰਹੀ।
ਇਸ ਮੌਕੇ ਹਾਜ਼ਰ ਐਸ.ਡੀ.ਐਮ ਅੰਮ੍ਰਿਤਸਰ-2 ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਵੀ ਮੌਕਾ ਵਿਖਾਇਆ ਗਿਆ ਸੀ ਅਤੇ ਉਨਾਂ ਦੀ ਰਾਇ ਅੱਗ ਬੁਝਾਉਣ ਲਈ ਗਈ ਸੀ। ਉਨਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਜੇਕਰ ਅੱਗ ਕੋਲਡ ਸਟੋਰ ਦੀ ਮਸ਼ੀਨਰੀ ਨੂੰ ਨੁਕਸਾਨ ਕਰਦੀ ਹੈ ਤਾਂ ਉਸ ਨਾਲ ਅਮੋਨੀਆ ਗੈਸ ਦਾ ਰਿਸਾਵ ਹੋ ਸਕਦਾ ਹੈ। ਉਨਾਂ ਨੇੜਲੇ ਇਲਾਕੇ ਦੇ ਲੋਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਅਮੋਨੀਆ ਦੇ ਰਿਸਾਵ ਨਾਲ ਹਵਾ ਵਿੱਚ ਗੈਸ ਫੈਲਦੀ ਹੈ ਤਾਂ ਉਹ ਅੱਖਾਂ, ਨੱਕ ਆਦਿ ਉਤੇ ਸਾੜ੍ਹ ਮਹਿਸੂਸ ਕਰਨ ਦੇ ਲੱਛਣ ਨੂੰ ਸਮਝਦੇ ਹੋਏ ਤੁਰੰਤ ਆਪਣਾ ਮੂੰਹ, ਅੱਖਾਂ ਗਿੱਲੇ ਕੱਪੜੇ ਨਾਲ ਢੱਕ ਲੈਣ, ਕਿਉਂਕਿ ਅਮੋਨੀਆ ਗੈਸ ਪਾਣੀ ਦੀ ਛੂਹ ਨਾਲ ਤਰਲ ਪਦਾਰਥ ਵਿੱਚ ਬਦਲ ਜਾਂਦੀ ਹੈ, ਜੋ ਕਿ ਨੁਕਸਾਨਦੇਹ ਨਹੀਂ ਰਹਿੰਦੀ।

NO COMMENTS

LEAVE A REPLY